Patiala Cake Death Case: 24 ਮਾਰਚ ਨੂੰ ਕੇਕ ਖਾਣ ਨਾਲ ਪਟਿਆਲਾ ਦੀ ਰਹਿਣ ਵਾਲੀ ਮਾਨਵੀ ਸ਼ਰਮਾ ਦੀ ਮੌਤ ਹੋਈ ਸੀ। ਇਸ ਮਾਮਲੇ 'ਚ ਰਿਪੋਰਟ ਆ ਗਈ ਹੈ, ਜਿਸ ਵਿੱਚ ਹੈਰਾਨੀਜਨਕ ਖੁਲਾਸਾ ਹੋਇਆ ਹੈ। ਕੇਕ ਬਣਾਉਣ ਵਾਲੀ ਇਹ ਬੇਕਰੀ ਕੇਕਾਂ 'ਚ ਸਿੰਥੈਟਿਕ ਸਵੀਟਨਰ ਯਾਨਿ ਨਕਲੀ ਮਿੱਠੇ ਦੀ ਵਰਤੋਂ ਕਰਦੀ ਸੀ। ਜਿਸ ਕਰਕੇ ਮਾਨਵੀ ਦੀ ਜਾਨ ਗਈ। ਜਿਹੜਾ ਕੇਕ 24 ਮਾਰਚ ਨੂੰ ਮਾਨਵੀ ਨੇ ਖਾਧਾ ਸੀ, ਉਸ ਵਿੱਚ ਭਾਰੀ ਮਾਤਰਾ 'ਚ ਸਿੰਥੈਟਿਕ ਸਵੀਟਨਰ ਪਾਏ ਗਏ।


ਜ਼ਿਲ੍ਹਾ ਸਿਹਤ ਅਫ਼ਸਰ ਡਾ. ਵਿਜੇ ਜਿੰਦਲ ਨੇ ਐਨਡੀਟੀਵੀ ਨੂੰ ਦੱਸਿਆ ਕਿ ਕੇਕ ਦਾ ਨਮੂਨਾ ਜਾਂਚ ਲਈ ਇਕੱਠਾ ਕੀਤਾ ਗਿਆ ਸੀ, ਅਤੇ ਬਾਅਦ ਦੀ ਰਿਪੋਰਟ ਵਿੱਚ ਸੈਕਰੀਨ (Saccharine) ਦੀ ਮੌਜੂਦਗੀ ਪਾਈ ਗਈ ਹੈ, ਜੋ ਕਿ ਇੱਕ ਸਿੰਥੈਟਿਕ ਸਵੀਟਨਰ ਯਾਨਿ ਨਕਲੀ ਮਿੱਠਾ ਹੈ। ਜਿਸ ਨੂੰ ਕੇਕ ਤੇ ਪੇਸਟਰੀਆਂ 'ਚ ਇਸਤੇਮਾਲ ਕੀਤਾ ਜਾਂਦਾ ਹੈ। ਹਾਲਾਂਕਿ ਸੈਕਰੀਨ ਦੀ ਆਮ ਤੌਰ 'ਤੇ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਵਿੱਚ ਘੱਟ ਮਾਤਰਾ ਵਿੱਚ ਵਰਤੋਂ ਕੀਤੀ ਜਾਂਦੀ ਹੈ, ਇਹ ਬੇਹੱਦ ਖਤਰਨਾਕ ਚੀਜ਼ ਹੈ, ਜਿਸ ਨੂੰ ਜ਼ਿਆਦਾ ਮਾਤਰਾ ;ਚ ਖਾਣ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦੀ ਹੈ। ਜੋ ਕਿ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ।


ਕਾਬਿਲੇਗ਼ੋਰ ਹੈ ਕਿ 10 ਸਾਲਾ ਮਾਨਵੀ ਦੀ 24 ਮਾਰਚ ਨੂੰ ਕੇਕ ਖਾਣ ਤੋਂ ਬਾਅਦ ਮੌਤ ਹੋ ਗਈ ਸੀ। ਮਾਨਵੀ ਦੇ ਪਰਿਵਾਰ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਸੀ। ਲੜਕੀ ਦੇ ਪਰਿਵਾਰ ਨੇ ਪੁਲਿਸ ਨੂੰ ਦੱਸਿਆ ਸੀ ਕਿ 24 ਮਾਰਚ ਨੂੰ ਮਾਨਵੀ ਸਣੇ ਪੂਰੇ ਪਰਿਵਾਰ ਨੇ ਕੇਕ ਖਾਧਾ ਸੀ। ਕੇਕ ਖਾਣ ਤੋਂ ਤੁਰੰਤ ਬਾਅਦ ਸਾਰੇ ਪਰਿਵਾਰ ਨੂੰ ਉਲਟੀਆਂ ਲੱਗ ਗਈਆਂ, ਜਦਕਿ ਮਾਨਵੀ ਦੀ ਤਬੀਅਤ ਜ਼ਿਆਦਾ ਵਿਗੜ ਗਈ ਸੀ। ਥੋੜੀ ਦੇਰ ਬਾਅਦ ਪਰਿਵਾਰ ਦੀ ਤਬੀਅਤ 'ਚ ਸੁਧਾਰ ਹੋ ਗਿਆ, ਪਰ ਮਾਨਵੀ ਦੀ ਮੌਤ ਹੋ ਗਈ।


ਪੁਲਿਸ ਨੇ ਦੁਕਾਨ ਦੇ ਮਾਲਕ ਦੇ ਖਿਲਾਫ ਭਾਰਤੀ ਦੰਡਾਵਲੀ ਦੀਆਂ ਸਬੰਧਤ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ, ਜਿਸ ਵਿੱਚ 273 ਅਤੇ 304-ਏ (ਲਾਪਰਵਾਹੀ ਨਾਲ ਮੌਤ ਦਾ ਕਾਰਨ ਬਣਨਾ) ਸ਼ਾਮਲ ਹਨ। ਇਸ ਤੋਂ ਇਲਾਵਾ, ਮੌਤ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਵਿਸੇਰਾ ਦੇ ਨਮੂਨੇ ਇੱਕ ਪ੍ਰਯੋਗਸ਼ਾਲਾ ਵਿੱਚ ਭੇਜੇ ਗਏ ਸਨ।


ਬੱਚੀ ਦੇ ਦਾਦਾ ਮੁਤਾਬਕ ਪਰਿਵਾਰ ਨੇ ਸ਼ਾਮ ਕਰੀਬ 6 ਵਜੇ ਕੇਕ ਆਨਲਾਈਨ ਆਰਡਰ ਕੀਤਾ ਸੀ। 24 ਮਾਰਚ ਨੂੰ, ਬਾਅਦ ਦੀ ਬਿਮਾਰੀ ਨੇ ਰਾਤ 11 ਵਜੇ ਦੇ ਆਸ-ਪਾਸ ਪੂਰੇ ਘਰ ਨੂੰ ਘੇਰ ਲਿਆ। ਉਨ੍ਹਾਂ ਦੀ ਛੋਟੀ ਲੜਕੀ ਕੇਕ ਨਾਲ ਬੀਮਾਰ ਹੋਈ ਸੀ, ਪਰ ਉਹ ਕਿਸਮਤ ਨਾਲ ਬਚ ਗਈ, ਪਰ ਮਾਨਵੀ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਜਨਮਦਿਨ ਦਾ ਜਸ਼ਨ ਮੌਤ ਦੇ ਮਾਤਮ 'ਚ ਤਬਦੀਲ ਹੋ ਗਿਆ।