Punjab News: ਪੰਜਾਬ 'ਚ ਸੜਕਾਂ 'ਤੇ ਸਫਰ ਕਰਨ ਵਾਲੇ ਲੋਕਾਂ ਨੂੰ ਅੱਜ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਸੂਬੇ ਦੀਆਂ ਕਿਸਾਨ ਜਥੇਬੰਦੀਆਂ ਨੇ ਮੰਡੀਆਂ ਵਿੱਚ ਝੋਨੇ ਦੀ ਖਰੀਦ ਨਾ ਹੋਣ ਤੇ ਡੀਏਪੀ ਦੀ ਘਾਟ ਦੇ ਮੁੱਦੇ ’ਤੇ 4 ਹਾਈਵੇਅ ਅਣਮਿੱਥੇ ਸਮੇਂ ਲਈ ਜਾਮ ਕਰ ਦਿੱਤੇ ਹਨ।
ਕਿਹੜੇ ਹਾਈਵੇ ਕੀਤੇ ਜਾਮ
ਇਨ੍ਹਾਂ ਹਾਈਵੇਅ ਵਿੱਚ ਫਗਵਾੜਾ ਵਿੱਚ NH 'ਤੇ ਸ਼ੂਗਰ ਮਿੱਲ ਦੇ ਸਾਹਮਣੇ, ਮੋਗਾ-ਫਿਰੋਜ਼ਪੁਰ ਹਾਈਵੇਅ, ਸੰਗਰੂਰ-ਬਰਨਾਲਾ ਹਾਈਵੇਅ ਅਤੇ ਗੁਰਦਾਸਪੁਰ-ਸ਼੍ਰੀ ਹਰਗੋਬਿੰਦਪੁਰ ਰੋਡ ਸ਼ਾਮਲ ਹਨ। ਅੱਜ (ਐਤਵਾਰ) ਕਿਸਾਨਾਂ ਦਾ ਸੰਘਰਸ਼ ਦੂਜੇ ਦਿਨ ਵਿੱਚ ਦਾਖ਼ਲ ਹੋ ਗਿਆ ਹੈ।
ਮੁੱਖ ਮੰਤਰੀ ਨੇ ਭਾਜਪਾ ਲੀਡਰਾਂ ਨਾਲ ਕੀਤੀ ਮੁਲਾਕਾਤ
ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਨੇ ਇਸ ਮਾਮਲੇ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਮੁੜ ਸੰਪਰਕ ਕੀਤਾ ਹੈ। ਇਸ ਦੇ ਨਾਲ ਹੀ ਇਸ ਦਿਸ਼ਾ ਵਿੱਚ ਪਹਿਲਕਦਮੀ ਦੇ ਆਧਾਰ 'ਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਮੁੱਖ ਮੰਤਰੀ ਨੇ ਕਿਸਾਨਾਂ ਨੂੰ ਕਿਹਾ ਹੈ ਕਿ ਸੜਕਾਂ 'ਤੇ ਬੈਠਣਾ ਸਮੱਸਿਆ ਦਾ ਹੱਲ ਨਹੀਂ ਹੈ।ਇਸ ਦੇ ਨਾਲ ਹੀ ਕਿਸਾਨਾਂ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਧਰਨਿਆਂ ਦੀ ਗਿਣਤੀ ਵਧ ਸਕਦੀ ਹੈ।
ਭਾਜਪਾ ਲੀਡਰਾਂ ਨੇ ਕੀਤੀ ਰਾਜਪਾਲ ਨਾਲ ਮੁਲਾਕਾਤ
ਇਸ ਦੇ ਨਾਲ ਹੀ ਪੰਜਾਬ ਭਾਜਪਾ ਆਗੂਆਂ ਨੇ ਇਸ ਮਾਮਲੇ ਨੂੰ ਲੈ ਕੇ ਰਾਜਪਾਲ ਨਾਲ ਮੁਲਾਕਾਤ ਕੀਤੀ ਹੈ। ਅਵਿਨਾਸ਼ ਰਾਏ ਖੰਨਾ ਨੇ ਗਵਰਨਰ ਹਾਊਸ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਝੋਨੇ ਦੀ ਲਿਫਟਿੰਗ ਪਹਿਲ ਦੇ ਆਧਾਰ 'ਤੇ ਕੀਤੀ ਜਾਵੇ ਤਾਂ ਜੋ ਕਿਸਾਨ ਵੀ ਆਪਣੇ ਪਰਿਵਾਰਾਂ ਨਾਲ ਦੀਵਾਲੀ ਮਨਾ ਸਕਣ। ਇਸ ਦੇ ਨਾਲ ਹੀ ਉਨ੍ਹਾਂ ਇਸ ਕੰਮ ਵਿੱਚ ਦੇਰੀ ਲਈ ਸੂਬਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ 44 ਹਜ਼ਾਰ ਕਰੋੜ ਰੁਪਏ ਪਹਿਲਾਂ ਹੀ ਅਦਾ ਕੀਤੇ ਜਾ ਚੁੱਕੇ ਹਨ।
ਤੇਜ਼ੀ ਨਾਲ ਚੁੱਕਿਆ ਜਾ ਰਿਹਾ ਝੋਨਾ
ਸੂਬਾ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਝੋਨੇ ਦੀ ਲਿਫਟਿੰਗ ਨੇ ਤੇਜ਼ੀ ਫੜ ਲਈ ਹੈ। 21 ਅਕਤੂਬਰ ਨੂੰ ਝੋਨੇ ਦਾ ਉਤਪਾਦਨ 1.39 ਲੱਖ ਮੀਟ੍ਰਿਕ ਟਨ ਸੀ, ਜੋ 26 ਅਕਤੂਬਰ ਨੂੰ ਵੱਧ ਕੇ 3.83 ਲੱਖ ਮੀਟ੍ਰਿਕ ਟਨ ਹੋ ਗਿਆ ਹੈ। 21 ਅਕਤੂਬਰ ਨੂੰ 139172 ਲੱਖ ਮੀਟ੍ਰਿਕ ਟਨ ਦੀ ਲਿਫਟਿੰਗ ਹੋਈ। ਜਦੋਂ ਕਿ 22 ਅਕਤੂਬਰ ਨੂੰ 231124 ਮੀਟਰਿਕ ਟਨ, 23 ਅਕਤੂਬਰ ਨੂੰ 204129 ਮੀਟਰਿਕ ਟਨ, 24 ਅਕਤੂਬਰ ਨੂੰ 262890 ਮੀਟਰਕ ਟਨ, 25 ਅਕਤੂਬਰ ਨੂੰ 282055 ਮੀਟਰਿਕ ਟਨ ਅਤੇ 26 ਅਕਤੂਬਰ ਨੂੰ 383146 ਮੀਟਰਿਕ ਟਨ ਦੀ ਲਿਫਟਿੰਗ ਕੀਤੀ ਗਈ। ਇਸ ਦੇ ਨਾਲ ਹੀ ਅੱਜ 2169 ਮਿੱਲਰ ਝੋਨੇ ਦੀ ਚੁਕਾਈ ਕਰ ਰਹੇ ਹਨ।