Lok Sabha Elections: ਲੋਕ ਸਭਾ ਚੋਣਾਂ-2024 ਦੇ ਸੰਦਰਭ ਵਿਚ ਪੰਜਾਬ ‘ਚ ਕੰਮ ਕਰਨ ਵਾਲੇ ਹਰਿਆਣਾ ਦੇ ਵੋਟਰਾਂ ਨੂੰ ਸੂਬੇ ਵਿਚ ਵੋਟਿੰਗ ਵਾਲੇ ਦਿਨ ਯਾਨੀ 25 ਮਈ, 2024 ਨੂੰ ਵੋਟ ਪਾਉਣ ਲਈ ਵਿਸ਼ੇਸ਼ ਛੁੱਟੀ ਦੇਣ ਦੀ ਘੋਸ਼ਣਾ ਕੀਤੀ ਗਈ ਹੈ।


ਜਾਣਕਾਰੀ ਦਿੰਦਿਆ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਰਾਜ ਦੇ ਸਰਕਾਰੀ ਦਫ਼ਤਰਾਂ, ਬੋਰਡਾਂ/ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿੱਦਿਅਕ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਵਿੱਚੋਂ ਜੇਕਰ ਕੋਈ ਹਰਿਆਣਾ ਦਾ ਵੋਟਰ ਹੈ ਤਾਂ ਉਹ ਵੋਟ ਪਾਉਣ ਲਈ ਆਪਣਾ ਵੋਟਰ ਕਾਰਡ ਪੇਸ਼ ਕਰਕੇ ਸਬੰਧਤ ਅਥਾਰਟੀ ਤੋਂ ਮਿਤੀ 25-05-2024 (ਸ਼ਨੀਵਾਰ) ਦੀ ਵਿਸ਼ੇਸ਼ ਛੁੱਟੀ ਲੈ ਸਕੇਗਾ। ਇਹ ਛੁੱਟੀ ਅਧਿਕਾਰੀਆਂ/ਕਰਮਚਾਰੀਆਂ ਦੇ ਛੁੱਟੀਆਂ ਦੇ ਖਾਤੇ ਵਿੱਚੋਂ ਨਹੀਂ ਕੱਟੀ ਜਾਵੇਗੀ।


ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਦੇ ਕਿਸੇ ਵੀ ਉਦਯੋਗਿਕ ਅਦਾਰੇ, ਕਾਰੋਬਾਰ, ਵਪਾਰ ਜਾਂ ਕਿਸੇ ਵੀ ਹੋਰ ਅਦਾਰੇ ਵਿੱਚ ਕੰਮ ਕਰਨ ਵਾਲੇ ਹਰਿਆਣਾ ਦੇ ਵੋਟਰ ਨੂੰ ਵੀ ਵੋਟ ਪਾਉਣ ਲਈ ਲੋਕ ਪ੍ਰਤਿਨਿਧਤਾ ਐਕਟ 1951 ਦੀ ਧਾਰਾ 135ਬੀ (1) ਮੁਤਾਬਕ 25-05-2024 ਨੂੰ ਅਦਾਇਗੀਯੋਗ ਛੁੱਟੀ ਘੋਸ਼ਿਤ ਕੀਤੀ ਗਈ ਹੈ।


ਇਸ ਤੋਂ ਇਲਾਵਾ 25 ਮਈ ਨੂੰ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਮਾਨਸਾ, ਸੰਗਰੂਰ, ਪਟਿਆਲਾ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਸਥਿਤ ਸਰਕਾਰੀ ਦਫ਼ਤਰਾਂ/ਬੋਰਡਾਂ/ਕਾਰਪੋਰੇਸ਼ਨਾਂ/ਵਿੱਦਿਅਕ ਅਦਾਰਿਆਂ ਵਿਖੇ ਸਥਾਨਕ ਛੁੱਟੀ ਰਹੇਗੀ ਅਤੇ ਇਹ ਛੁੱਟੀ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ-1881 ਅਧੀਨ ਹੋਵੇਗੀ। ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।


ਇਸ ਤੋਂ ਪਹਿਲਾਂ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ 1881 ਦੀ ਧਾਰਾ 25 ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦਿਆਂ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਨੀਵਾਰ, 1 ਜੂਨ, 2024 ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਸੀ। ਚੰਡੀਗੜ੍ਹ ਪ੍ਰਸ਼ਾਸਨ ਦਾ ਇਹ ਹੁਕਮ ਪ੍ਰਸ਼ਾਸ਼ਨ ਦੇ ਸਾਰੇ ਦਫ਼ਤਰਾਂ, ਬੋਰਡਾਂ ਅਤੇ ਕਾਰਪੋਰੇਸ਼ਨਾਂ ਸੰਸਥਾਵਾਂ ‘ਤੇ ਲਾਗੂ ਹੋਵੇਗਾ।


ਇਸ ਤੋਂ ਇਲਾਵਾ, ਇਹ ਛੁੱਟੀ ਉਦਯੋਗਿਕ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਦੇ ਨਾਲ ਨਾਲ ਦਿਹਾੜੀਦਾਰ ਕਰਮਚਾਰੀਆਂ ਲਈ ਅਦਾਇਗੀ ਛੁੱਟੀ ਹੋਵੇਗੀ। ਲੋਕਤੰਤਰੀ ਸਿਧਾਂਤਾਂ ਨੂੰ ਬਰਕਰਾਰ ਰੱਖਣ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਪੰਜਾਬ ਅਤੇ ਹਰਿਆਣਾ ਪ੍ਰਸ਼ਾਸਨ ਵਿੱਚ ਕੰਮ ਕਰਦੇ ਚੰਡੀਗੜ੍ਹ ਸੰਸਦੀ ਹਲਕੇ ਵਿੱਚ ਰਜਿਸਟਰਡ ਵੋਟਰਾਂ ਨੂੰ 1 ਜੂਨ, 2024 (ਸ਼ਨੀਵਾਰ) ਨੂੰ ਵਿਸ਼ੇਸ਼ ਅਚਨਚੇਤ ਛੁੱਟੀ ਦੇਣ ਦੀ ਵੀ ਅਪੀਲ ਕੀਤੀ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।