Punjab News: ਆਮ ਆਦਮੀ ਪਾਰਟੀ (AAP) ਪੰਜਾਬ ਨੇ ਸੰਸਦ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਡਾ. ਬੀ.ਆਰ. ਅੰਬੇਡਕਰ ਬਾਰੇ ਅਪਮਾਨਜਨਕ ਟਿੱਪਣੀਆਂ ਲਈ ਉਨ੍ਹਾਂ ਦੀ ਸਖ਼ਤ ਨਿਖੇਧੀ ਕੀਤੀ ਹੈ। 'ਆਪ' ਆਗੂਆਂ ਨੇ ਇਸ ਟਿੱਪਣੀ ਨੂੰ ਭਾਰਤੀ ਸੰਵਿਧਾਨ ਦੇ ਨਿਰਮਾਤਾ ਦਾ ਅਪਮਾਨ ਕਰਾਰ ਦਿੰਦਿਆਂ ਭਾਜਪਾ ਅਤੇ ਆਰਐਸਐਸ 'ਤੇ ਦਲਿਤ ਵਿਰੋਧੀ ਅਤੇ ਸੰਵਿਧਾਨ ਵਿਰੋਧੀ ਏਜੰਡਾ ਚਲਾਉਣ ਦਾ ਦੋਸ਼ ਲਾਇਆ।
ਮੰਤਰੀ ਹਰਭਜਨ ਸਿੰਘ ਈਟੀਓ ਨੇ ਗ੍ਰਹਿ ਮੰਤਰੀ ਦੀ ਟਿੱਪਣੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਸੰਸਦ ਵਿੱਚ ਦਿੱਤਾ ਅਮਿਤ ਸ਼ਾਹ ਦਾ ਬਿਆਨ ਘਿਣਾਉਣਾ ਅਤੇ ਉਨ੍ਹਾਂ ਕਰੋੜਾਂ ਭਾਰਤੀਆਂ ਲਈ ਦੁਖਦਾਈ ਹੈ ਜੋ ਡਾ. ਅੰਬੇਡਕਰ ਨੂੰ ਗੁਰੂ ਮੰਨਦੇ ਹਨ। ਬਾਬਾ ਸਾਹਿਬ ਨੇ ਇੱਕ ਅਜਿਹਾ ਸੰਵਿਧਾਨ ਬਣਾਇਆ ਜਿਸ ਨੇ ਇੱਕ ਖੰਡਿਤ ਰਾਸ਼ਟਰ ਨੂੰ ਇੱਕਜੁੱਟ ਕੀਤਾ ਅਤੇ ਦਲਿਤਾਂ ਦੇ ਅਧਿਕਾਰਾਂ ਦੀ ਰੱਖਿਆ ਕੀਤੀ।
ਉਨ੍ਹਾਂ ਕਿਹਾ ਕਿ ਸੰਵਿਧਾਨ ਅਤੇ ਇਸ ਦੀਆਂ ਕਦਰਾਂ-ਕੀਮਤਾਂ ਨੂੰ ਕਮਜ਼ੋਰ ਕਰਨ ਦਾ ਭਾਜਪਾ ਦਾ ਲੁਕਵਾਂ ਏਜੰਡਾ ਇਕ ਵਾਰ ਫਿਰ ਬੇਨਕਾਬ ਹੋ ਗਿਆ ਹੈ। 'ਆਪ' ਅਜਿਹੀਆਂ ਕੋਸ਼ਿਸ਼ਾਂ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ। ਉਨ੍ਹਾਂ ਨੇ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਡਾ. ਅੰਬੇਡਕਰ ਦੇ ਪੈਰੋਕਾਰਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਤੁਰੰਤ ਅਤੇ ਬਿਨਾਂ ਸ਼ਰਤ ਮੁਆਫ਼ੀ ਮੰਗਣ ਦੀ ਮੰਗ ਕੀਤੀ।
ਈਟੀਓ ਨੇ ਕਿਹਾ ਕਿ ਸਿਰਫ਼ ਆਮ ਆਦਮੀ ਪਾਰਟੀ ਹੀ ਸਾਡੇ ਆਜ਼ਾਦੀ ਘੁਲਾਟੀਆਂ ਅਤੇ ਸੰਵਿਧਾਨ ਦੇ ਨਿਰਮਾਤਾ ਨੂੰ ਬਣਦਾ ਸਤਿਕਾਰ ਦਿੰਦੀ ਹੈ। ਉਨ੍ਹਾਂ ਨੇ ਸਰਕਾਰੀ ਦਫ਼ਤਰਾਂ ਵਿੱਚ ਡਾ. ਬੀ.ਆਰ. ਅੰਬੇਦਕਰ ਅਤੇ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਲਗਾਉਣ ਦੀ ਉਦਾਹਰਣ ਦੇ ਕੇ ਇਸ ਗੱਲ ਨੂੰ ਉਜਾਗਰ ਕੀਤਾ ਅਤੇ ਪਾਰਟੀ ਵੱਲੋਂ ਇਨ੍ਹਾਂ ਪ੍ਰਤੀਮਾਨਾਂ ਨੂੰ ਦਰਸਾਉਂਦੀਆਂ ਕਦਰਾਂ-ਕੀਮਤਾਂ ਦੀ ਸੰਭਾਲ ਅਤੇ ਸਨਮਾਨ ਕਰਨ ਦੀ ਵਚਨਬੱਧਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ 'ਆਪ' ਸੰਵਿਧਾਨ ਨਾਲ ਛੇੜਛਾੜ ਜਾਂ ਹਾਸ਼ੀਏ 'ਤੇ ਰਹਿ ਰਹੇ ਭਾਈਚਾਰਿਆਂ ਦੇ ਅਧਿਕਾਰਾਂ ਨਾਲ ਛੇੜਛਾੜ ਕਰਨ ਵਾਲੇ ਕਿਸੇ ਵੀ ਕਦਮ ਦਾ ਵਿਰੋਧ ਕਰਦੀ ਰਹੇਗੀ।
ਕੀ ਹੈ ਪੂਰਾ ਮਾਮਲਾ ?
ਦੱਸ ਦੇਈਏ ਕਿ ਸ਼ਾਹ ਨੇ ਰਾਜ ਸਭਾ 'ਚ ਸੰਵਿਧਾਨ 'ਤੇ ਚਰਚਾ ਦੌਰਾਨ ਕਿਹਾ ਸੀ ਕਿ ਹੁਣ ਇਕ ਫੈਸ਼ਨ ਬਣ ਗਿਆ ਹੈ- ਅੰਬੇਡਕਰ, ਅੰਬੇਡਕਰ, ਅੰਬੇਡਕਰ, ਅੰਬੇਡਕਰ, ਅੰਬੇਡਕਰ, ਅੰਬੇਡਕਰ, ਅੰਬੇਡਕਰ। ਜੇ ਰੱਬ ਦਾ ਇੰਨਾ ਨਾਮ ਲਿਆ ਹੁੰਦਾ ਤਾਂ ਸੱਤ ਜਨਮਾਂ ਤੱਕ ਸਵਰਗ ਮਿਲ ਜਾਣਾ ਸੀ।