ਰੋਹਤਕ: ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਸਭ ਤੋਂ ਵੱਡੀ ਰਾਜਦਾਰ ਹਨੀਪ੍ਰੀਤ ਅੱਜ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਉਸ ਨੂੰ ਮਿਲਣ ਪਹੁੰਚੀ। ਹਨੀਪ੍ਰੀਤ ਸਿਰਫ 25 ਮਿੰਟ ਹੀ ਡੇਰਾ ਮੁਖੀ ਨੂੰ ਮਿਲ ਸਕੀ। ਉਸ ਨਾਲ ਵਕੀਲਾਂ ਦੀ ਟੀਮ ਵੀ ਸੀ। ਹਨੀਪ੍ਰੀਤ ਸਿਰਸਾ ਦੇ ਨੰਬਰ ਵਾਲੀ ਆਈ-20 ਕਾਰ ਵਿੱਚ ਸਵਾਰ ਸੀ। ਕੋਈ ਵੇਖ ਨਾ ਲਵੇ ਇਸ ਲਈ ਕਾਰ ਦੇ ਸ਼ੀਸ਼ਿਆਂ 'ਤੇ ਕਾਲੀ ਫਿਲਮ ਲਾਈ ਹੋਈ ਸੀ। ਹਨੀਪ੍ਰੀਤ ਦੀ ਕਾਰ ਨਾਲ ਦੋ ਇਨੋਵਾ ਗੱਡੀਆਂ ਸਨ।


ਯਾਦ ਰਹੇ ਹਨੀਪ੍ਰੀਤ 6 ਅਕਤੂਬਰ ਨੂੰ ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਆਈ ਹੈ। ਉਸ ਸਮੇਂ ਤੋਂ ਹੀ ਉਹ ਰਾਮ ਰਹੀਮ ਨਾਲ ਮੁਲਕਾਤ ਲਈ ਸਰਗਰਮ ਹੈ। ਜੇਲ੍ਹ ਤੇ ਪੁਲਿਸ ਪ੍ਰਸ਼ਾਸਨ ਨੇ ਹਨੀਪ੍ਰੀਤ ਨੂੰ ਮੁਲਕਾਤ ਕਰਨ ਤੋਂ ਰੋਕਿਆ ਜਾ ਰਿਹਾ ਸੀ। ਹਨੀਪ੍ਰੀਤ ਦੇ ਵਕੀਲਾਂ ਨੇ ਲੰਘੇ ਦਿਨ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨਾਲ ਵੀ ਮੁਲਾਕਾਤ ਕੀਤੀ ਸੀ।

ਸੂਤਰਾਂ ਦਾ ਕਹਿਣਾ ਹੈ ਕਿ ਰਾਮ ਰਹੀਮ ਨੂੰ ਕਤਲ ਤੇ ਬਲਾਤਕਾਰ ਦੇ ਕੇਸਾਂ ਵਿੱਚ ਸਜ਼ਾ ਹੋਣ ਮਗਰੋਂ ਡੇਰੇ ਦੇ ਪ੍ਰਬੰਧਾਂ ਨੂੰ ਲੈ ਕੇ ਖਿੱਚੋਤਾਣ ਚੱਲ ਰਹੀ ਹੈ। ਹਨੀਪ੍ਰੀਤ ਜੇਲ੍ਹ ਤੋਂ ਬਾਹਰ ਆ ਕੇ ਰਾਮ ਰਹੀਮ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਇਸ ਬਾਰੇ ਅਗਲੀ ਰਣਨੀਤੀ ਘੜੀ ਜਾ ਸਕੇ। ਹਨੀਪ੍ਰੀਤ ਦਾ ਡੇਰਾ ਪ੍ਰਬੰਧਾਂ ਵਿੱਚ ਅਹਿਮ ਰੋਲ ਹੈ ਤੇ ਉਹ ਡੇਰਾ ਮੁਖੀ ਦੀ ਸਭ ਤੋਂ ਕਰੀਬੀ ਹੈ।