ਸੁਨਾਮ ਦੇ ਫਲਾਈਓਵਰ 'ਤੇ ਇੱਕ ਭਿਆਨਕ ਹਾਦਸੇ ਦੀ ਖਬਰ ਸਾਹਮਣੇ ਆਈ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਡਰਾਈਵਰ ਗੱਡੀ ਵਿੱਚ ਹੀ ਫਸ ਗਿਆ ਅਤੇ ਉਸ ਦੀ ਦਰਦਨਾਕ ਮੌਤ ਹੋ ਗਈ। ਮਰੇ ਹੋਏ ਵਿਅਕਤੀ ਦੀ ਪਹਿਚਾਣ ਬਲਿਹਾਰਾ ਸਿੰਘ (34), ਪਿੰਡ ਹੀਰੋਕਲਾ ਵਾਸੀ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਫਲਾਈਓਵਰ 'ਤੇ ਸਿਵਲ ਹਸਪਤਾਲ ਦੇ ਨੇੜੇ ਇੱਕ ਟਰੱਕ, ਟ੍ਰਾਲੀ ਅਤੇ ਟਰਾਲੇ ਦੀ ਟੱਕਰ ਹੋ ਗਈ, ਜਿਸ ਕਾਰਨ ਇਹ ਹਾਦਸਾ ਵਾਪਰਿਆ।
ਟਰੱਕ, ਟ੍ਰਾਲੀ ਅਤੇ ਟਰਾਲੇ ਦੀ ਟੱਕਰ
ਪ੍ਰਾਪਤ ਜਾਣਕਾਰੀ ਮੁਤਾਬਕ, ਚੀਮਾ ਵਾਲੀ ਸਾਈਡ ਤੋਂ ਇੱਕ ਭੁੰਗ ਵਾਲੀ ਟ੍ਰਾਲੀ ਆ ਰਹੀ ਸੀ ਅਤੇ ਉਸਦੇ ਪਿੱਛੇ ਇੱਕ ਟਰੱਕ, ਜਦਕਿ ਸਾਹਮਣੇ ਰੇਤ ਨਾਲ ਭਰਿਆ ਇੱਕ ਟਰਾਲਾ ਆ ਰਿਹਾ ਸੀ। ਜਦੋਂ ਟਰੱਕ ਟ੍ਰਾਲੀ ਨੂੰ ਕ੍ਰਾਸ ਕਰਨ ਲੱਗਾ ਤਾਂ ਰੇਤ ਨਾਲ ਭਰਿਆ ਟਰਾਲੇ ਸਮੇਤ ਤਿੰਨੋ ਵਾਹਨ ਬੁਰੀ ਤਰ੍ਹਾਂ ਟਕਰਾ ਗਏ। ਇਸ ਹਾਦਸੇ ਵਿੱਚ ਭੁੰਗ ਵਾਲੀ ਟ੍ਰਾਲੀ ਵੀ ਉਲਟ ਗਈ, ਜਿਸ ਨਾਲ ਟਰੱਕ ਬੁਰੀ ਤਰ੍ਹਾਂ ਖ਼ਰਾਬ ਹੋ ਗਿਆ ਅਤੇ ਡਰਾਈਵਰ ਟਰੱਕ ਦੇ ਕੇਬਿਨ ਵਿੱਚ ਫਸ ਗਿਆ।
ਇਸ ਮੌਕੇ 'ਤੇ ਥਾਣਾ ਮੁਖੀ ਪ੍ਰਤੀਕ ਅਤੇ ਪੁਲਿਸ ਕਰਮਚਾਰੀ ਸਮੇਤ ਉੱਥੇ ਪਹੁੰਚੇ ਅਤੇ ਆਉਣ-ਜਾਣ ਵਾਲੇ ਲੋਕਾਂ ਦੀ ਕਾਫੀ ਮਿਹਨਤ ਤੋਂ ਬਾਅਦ ਬਲਿਹਾਰਾ ਸਿੰਘ ਨੂੰ ਟਰੱਕ ਵਿੱਚੋਂ ਬਾਹਰ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਹਾਲਤ ਗੰਭੀਰ ਦੇਖ ਕੇ ਡਾਕਟਰਾਂ ਨੇ ਉਸ ਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ ਭੇਜਿਆ, ਜਿੱਥੇ ਉਸ ਦੀ ਮੌਤ ਹੋ ਗਈ। ਇਸ ਸਬੰਧ ਵਿੱਚ ਜਦੋਂ ਥਾਣਾ ਮੁਖੀ ਪ੍ਰਤੀਕ ਜਿੰਦਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਬਲਿਹਾਰਾ ਸਿੰਘ ਦੀ ਹਾਦਸੇ ਵਿੱਚ ਮੌਤ ਹੋ ਗਈ ਹੈ ਅਤੇ ਇਸ ਮਾਮਲੇ ਵਿੱਚ ਉਨ੍ਹਾਂ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।