ਹੁਸ਼ਿਆਰਪੁਰ: ਬੀਤੇ ਦਿਨੀ ਹੁਸ਼ਿਆਰਪੁਰ ਦੇ ਨੇੜੇ ਪਿੰਡ ਬੁੱਲੋਵਾਲ ਕੋਲ ਇੱਕ ਲੜਕੀ ਦੀ ਲਾਸ਼ ਮਿਲੀ ਸੀ ਜਿਸ 'ਤੇ ਤਕਰੀਬਨ 8 ਤੋਂ 9 ਗੋਲੀਆਂ ਮਾਰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਅੱਜ ਹੁਸ਼ਿਆਰਪੁਰ ਪੁਲਿਸ ਵੱਲੋਂ ਪ੍ਰੈੱਸ ਵਾਰਤਾ ਕਰ ਖੁਲਾਸਾ ਕੀਤਾ ਕਿ ਜ਼ਮੀਨ ਖਾਤਰ ਆਪਣੀ ਭੈਣ ਦਾ ਕਾਤਲ ਤੇ ਉਸ ਦੇ ਇਕ ਹੋਰ ਸਾਥੀ ਨੂੰ ਹੁਸ਼ਿਆਰਪੁਰ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾ ਲਈ ਹੈ।
ਪੁਲਿਸ ਨੇ ਮੁਲਜ਼ਮਾਂ ਕੋਲੋਂ ਤਿੰਨ ਗੱਡੀਆਂ 'ਤੇ ਇੱਕ ਰਿਵਾਲਵਰ 32 ਬੋਰ ਦਾ ਬਰਾਮਦ ਕੀਤਾ ਹੈ। ਬੀਤੀ 22 ਅਪ੍ਰੈਲ ਨੂੰ ਭਰਾ ਨੇ ਹੀ ਆਪਣੇ ਸਾਥੀ ਨਾਲ ਮਿਲ ਕੇ ਆਪਣੀ ਭੈਣ ਨੂੰ 9 ਗੋਲ਼ੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ ਗਿਆ ਸੀ। ਥਾਣਾ ਬੁੱਲ੍ਹੋਵਾਲ ’ਚ ਮਾਮਲਾ ਦਰਜ ਕਰਨ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਸੀ।
ਐਸਐਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਉਕਤ ਮਾਮਲੇ ਨੂੰ ਟਰੇਸ ਕਰਨ ਲਈ ਦੋ ਟੀਮਾਂ ਦਾ ਗਠਨ ਕੀਤਾ ਗਿਆ ਸੀ। ਇਸ ਮਾਮਲੇ ’ਚ ਕਾਮਯਾਬੀ ਉਸ ਸਮੇਂ ਹਾਸਲ ਹੋਈ ਜਦੋਂ ਲੜਕੀ ਮਨਪ੍ਰੀਤ ਕੌਰ ਦੇ ਭਰਾ ਹਰਪ੍ਰੀਤ ਸਿੰਘ ਹੈਪੀ ਤੇ ਉਸ ਦੇ ਸਾਥੀ ਇਕਬਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਉਨ੍ਹਾਂ ਮੰਨਿਆ ਕਿ ਉਨ੍ਹਾਂ ਨੇ ਹੀ ਮਨਪ੍ਰੀਤ ਕੌਰ ਦਾ ਕਤਲ ਕੀਤਾ ਹੈ।
ਐਸਐਸਪੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਮਨਪ੍ਰੀਤ ਕੌਰ ਨੇ ਪਰਿਵਾਰ ਦੀ ਮਰਜ਼ੀ ਬਗੈਰ ਪਵਨਦੀਪ ਸਿੰਘ ਵਾਸੀ ਖਡਿਆਲਾ ਸੈਣੀਆਂ ਥਾਣਾ ਬੁੱਲ੍ਹੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਵਿਆਹ ਕਰਵਾ ਲਿਆ ਸੀ। ਬਾਅਦ ਵਿੱਚ ਉਸ ਦੀ ਉਸ ਦੇ ਪਤੀ ਨਾਲ ਅਣਬਣ ਹੋਣ ਕਰਕੇ ਉਸ ਦਾ ਤਲਾਕ ਦਾ ਕੇਸ ਅਦਾਲਤ ਵਿਚ ਚੱਲ ਰਿਹਾ ਸੀ। ਇਸ ਕਾਰਨ ਮਨਪ੍ਰੀਤ ਕੌਰ ਆਪਣੇ ਪੇਕੇ ਪਿੰਡ ਰਹਿਣਾ ਚਾਹੁੰਦੀ ਸੀ।
ਉਸ ਦਾ ਭਰਾ ਹਰਪ੍ਰੀਤ ਸਿੰਘ ਇਹ ਨਹੀਂ ਚਾਹੁੰਦਾ ਸੀ ਕਿ ਉਹ ਵਾਪਸ ਪਿੰਡ ਆਵੇ। ਕਿਉਂਕਿ ਉਸ ਦੇ ਮਾਤਾ-ਪਿਤਾ ਨੇ ਤਿੰਨ ਕਿੱਲੇ ਜ਼ਮੀਨ ਮਨਪ੍ਰੀਤ ਕੌਰ ਦੇ ਨਾਂਅ ਕੀਤੀ ਹੋਈ ਸੀ, ਜਿਸ ਕਰਕੇ ਹਰਪ੍ਰੀਤ ਨੇ ਆਪਣੇ ਇਕ ਹੋਰ ਸਾਥੀ ਨਾਲ ਮਿਲ ਕੇ ਪਹਿਲਾਂ ਉਸ ਦੇ ਸਹੁਰੇ ਪਿੰਡ ਉਸ ਦੀ ਰੇਕੀ ਕੀਤੀ, ਫਿਰ ਪੂਰੀ ਸਾਜ਼ਿਸ਼ ਰਚ ਕੇ ਉਸ ਨੇ ਮਨਪ੍ਰੀਤ ਕੌਰ ਦਾ ਕਤਲ ਕਰ ਦਿੱਤਾ।