Russia Ukraine War: ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਅਜੇ ਵੀ ਜਾਰੀ ਹੈ। ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ ਜੰਗ ਵਿੱਚ ਪੰਜਾਬ ਦੇ ਕਈ ਨੌਜਵਾਨ ਫਸੇ ਹੋਏ ਹਨ। ਖੁਸ਼ਖਬਰੀ ਇਹ ਹੈ ਕਿ ਰੂਸ ਵਿੱਚ ਫਸਿਆ ਪੰਜਾਬ ਦੇ ਹੁਸ਼ਿਆਰਪੁਰ ਦਾ ਇੱਕ ਨੌਜਵਾਨ ਸਹੀ ਸਲਾਮਤ ਆਪਣੇ ਦੇਸ਼ ਪਰਤ ਆਇਆ ਹੈ। ਹਾਲਾਂਕਿ ਨੌਜਵਾਨ ਦੇ ਪਰਿਵਾਰ 'ਚ ਅਜੇ ਵੀ ਡਰ ਬਣਿਆ ਹੋਇਆ ਹੈ।
ਰੂਸ 'ਚ ਫਸਿਆ ਹੁਸ਼ਿਆਰਪੁਰ ਦੇ ਪਿੰਡ ਹਾਰਟਾ ਦਾ ਨੌਜਵਾਨ ਗੁਰਪ੍ਰੀਤ ਸਿੰਘ ਘਰ ਪਰਤ ਆਇਆ ਹੈ। ਪਰਿਵਾਰ ਇਸ ਬਾਰੇ ਗੱਲ ਕਰਨ ਤੋਂ ਝਿਜਕ ਰਿਹਾ ਸੀ ਪਰ ਜਦੋਂ ਉਸ ਦੇ ਚਾਚਾ ਕਸ਼ਮੀਰ ਸਿੰਘ ਨੇ ਗੁਰਪ੍ਰੀਤ ਦੇ ਘਰ ਵਾਪਸ ਆਉਣ ਦੀ ਪੁਸ਼ਟੀ ਕੀਤੀ। ਉਸ ਨੂੰ ਵਾਪਸ ਆਏ ਹਫ਼ਤੇ ਤੋਂ ਵੱਧ ਸਮਾਂ ਹੋ ਗਿਆ ਹੈ। ਪਿੰਡ ਦੇ ਸਰਪੰਚ ਬਲਬੀਰ ਸਿੰਘ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ।
ਨੇੜੇ ਹੀ ਰਹਿਣ ਵਾਲੇ ਇੱਕ ਪਿੰਡ ਵਾਸੀ ਨੇ ਆਪਣਾ ਨਾਮ ਨਾ ਛਾਪਣ ਦੀ ਬੇਨਤੀ ਕਰਦਿਆਂ ਦੱਸਿਆ ਕਿ ਮੈਂ ਪਿਛਲੇ 8-10 ਦਿਨਾਂ ਵਿੱਚ ਗੁਰਪ੍ਰੀਤ ਨੂੰ ਕਈ ਵਾਰ ਦੇਖਿਆ ਹੈ। ਜਿਸ ਦਿਨ ਤੋਂ ਨੌਜਵਾਨ ਵਾਪਸ ਆਇਆ ਹੈ, ਪਰਿਵਾਰ ਘੱਟ ਹੀ ਘਰੋਂ ਬਾਹਰ ਨਿਕਲਦਾ ਹੈ। ਆਪਣੇ ਲੜਕੇ ਗੁਰਪ੍ਰੀਤ ਬਾਰੇ ਵੀ ਬਹੁਤ ਘੱਟ ਹੀ ਜਾਣਕਾਰੀ ਦਿੰਦੇ ਹਨ। ਜਦੋਂ ਵੀ ਉਨ੍ਹਾਂ ਨੇ ਕਿਤੇ ਜਾਣਾ ਹੁੰਦਾ ਹੈ ਤਾਂ ਉਹ ਝੱਟ ਉਸ ਨੂੰ ਕਾਰ ਵਿੱਚ ਬਿਠਾ ਕੇ ਚਲੇ ਜਾਂਦੇ ਹਨ ਕਿਸੇ ਨਾਲ ਮਿਲਣ ਵੀ ਨਹੀਂ ਦਿੰਦੇ।
ਪਿੰਡ ਵਾਸੀ ਨੇ ਦੱਸਿਆ ਕਿ ਉਸ ਨੂੰ ਹੁਣ ਤੱਕ ਇਹੀ ਪਤਾ ਲੱਗਾ ਹੈ ਕਿ ਜਦੋਂ ਉਹ ਰੂਸ ਦੀ ਜੰਗ ਵਿਚ ਸੀ ਤਾਂ ਉਥੇ ਧਮਾਕਾ ਹੋਇਆ ਸੀ, ਜਿਸ ਵਿਚ ਉਸ ਦੇ ਚਿਹਰੇ ਦਾ ਇਕ ਹਿੱਸਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ, ਜਿਸ ਦਾ ਫਿਲਹਾਲ ਇਲਾਜ ਚੱਲ ਰਿਹਾ ਹੈ।
ਇਸ ਸਾਲ ਮਾਰਚ ਵਿੱਚ ਗੁਰਪ੍ਰੀਤ ਨੇ ਕੁਝ ਹੋਰ ਭਾਰਤੀ ਨੌਜਵਾਨਾਂ ਨਾਲ ਮਿਲ ਕੇ ਆਪਣੇ ਪਰਿਵਾਰ ਨੂੰ ਭੇਜੀ ਇੱਕ ਵੀਡੀਓ ਵਿੱਚ ਦੋਸ਼ ਲਾਇਆ ਸੀ ਕਿ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਟੂਰਿਸਟ ਵੀਜ਼ੇ ’ਤੇ ਜਾ ਕੇ ਉਨ੍ਹਾਂ ਨੂੰ ਰੂਸੀ ਫੌਜ ਵਿੱਚ ਜ਼ਬਰਦਸਤੀ ਭਰਤੀ ਕੀਤਾ ਗਿਆ ਸੀ।
ਵੀਡੀਓ 'ਚ ਦੋਸ਼ ਲਗਾਇਆ ਗਿਆ ਸੀ ਕਿ ਜੇਕਰ ਉਹ ਰੂਸੀ ਫੌਜ 'ਚ ਸ਼ਾਮਲ ਨਹੀਂ ਹੁੰਦਾ ਤਾਂ ਵੀਜ਼ਾ ਦੀ ਉਲੰਘਣਾ ਕਰਨ 'ਤੇ ਉਸ ਨੂੰ 10 ਸਾਲ ਦੀ ਜੇਲ ਦੀ ਸਜ਼ਾ ਦਿੱਤੀ ਜਾਵੇਗੀ। ਇਸ ਲਈ, ਉਹ ਲਗਭਗ ਛੇ ਮਹੀਨੇ ਰੂਸ ਵਿੱਚ ਫਸਿਆ ਰਿਹਾ ਅਤੇ ਯੂਕਰੇਨ ਵਿਰੁੱਧ ਜੰਗ ਵਿੱਚ ਰੂਸ ਦੀ ਤਰਫੋਂ ਵੀ ਲੜਿਆ।