ਅੰਮ੍ਰਿਤਸਰ: ਲਾਰੈਂਸ ਬਿਸ਼ਨੋਈ ਦਾ ਹੁਣ ਹੁਸ਼ਿਆਰਪੁਰ ਪੁਲਿਸ ਨੂੰ ਟਰਾਂਜ਼ਿਟ ਰਿਮਾਂਡ ਮਿਲਿਆ ਹੈ।ਪੰਜਾਬ ਪੁਲਿਸ ਦੀ ਹਿਰਾਸਤ 'ਚ ਲਾਰੇਂਸ ਬਿਸ਼ਨੋਈ ਨੂੰ ਅੱਜ ਮੁਹਾਲੀ ਤੋਂ ਅੰਮ੍ਰਿਤਸਰ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਉਸ ਨੂੰ ਸਖ਼ਤ ਸੁਰੱਖਿਆ ਹੇਠ ਪੁਲਿਸ ਅੰਮ੍ਰਿਤਸਰ ਲੈ ਕੇ ਪਹੁੰਚੀ। ਮੈਡੀਕਲ ਕਰਵਾ ਕੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਰਾਣਾ ਕੰਦੋਵਾਲੀਆ ਦੇ ਕਤਲ ਕੇਸ ਵਿੱਚ ਬਿਸ਼ਨੋਈ ਨੂੰ ਪੁਲੀਸ ਨੇ ਦੋ ਵਾਰ ਰਿਮਾਂਡ ’ਤੇ ਲਿਆ ਸੀ।ਅੱਜ ਇਕ ਵਾਰ ਫੇਰ ਉਸਨੂੰ ਅਦਾਲਤ 'ਚ ਪੇਸ਼ ਕਰਕੇ ਅੰਮ੍ਰਿਤਸਰ ਪੁਲਿਸ ਨੇ ਰਿਮਾਂਡ ਦੀ ਮੰਗ ਕੀਤੀ ਸੀ।ਇਰਾਦਾ ਕਤਲ (307) ਤੇ ਫਿਰੌਤੀ ਬਾਬਤ (386) ਹੁਸ਼ਿਆਰਪੁਰ 'ਚ ਦਰਜ ਮਾਮਲੇ 'ਚ ਹੁਸ਼ਿਆਰਪੁਰ ਪੁਲਿਸ ਨੇ ਉਸਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਅਤੇ ਹੁਣ ਉਸਨੂੰ 24 ਘੰਟੇ ਅੰਦਰ ਅਦਾਲਤ 'ਚ ਪੇਸ਼ ਕੀਤਾ ਜਾਏਗਾ।
6 ਜੁਲਾਈ ਨੂੰ ਅੰਮ੍ਰਿਤਸਰ ਅਦਾਲਤ ਨੇ ਲਾਰੈਂਸ ਬਿਸ਼ਨੋਈ ਨੂੰ ਪੰਜ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਸੀ। ਰਾਣਾ ਕੰਦੋਵਾਲੀਆ ਕਤਲ ਮਾਮਲੇ 'ਚ ਜਾਂਚ ਅੱਗੇ ਵਧਾਉਣ 'ਤੇ ਹੋਰ ਕੜੀਆਂ ਜੋੜਨ ਲਈ ਅੰਮ੍ਰਿਤਸਰ ਪੁਲਿਸ ਨੂੰ ਲਾਰੈਂਸ ਦਾ ਰਿਮਾਂਡ ਮਿਲਿਆ ਸੀ। ਅੱਜ ਰਿਮਾਂਡ ਖਤਮ ਹੋਣ 'ਤੇ ਲਾਰੈਂਸ ਨੂੰ ਮੁੜ ਅਦਾਲਤ 'ਚ ਪੇਸ਼ ਕੀਤਾ ਗਿਆ।
ਬਾਕੀ ਜਿਲਿਆਂ ਨਾਲੋਂ ਹੁਸ਼ਿਆਰਪੁਰ ਪੁਲਿਸ ਅੱਜ ਪੂਰੀ ਤਿਆਰੀ ਨਾਲ ਪੁੱਜੀ ਸੀ।ਉਧਰ ਮੁਕਤਸਰ ਪੁਲਿਸ ਨੂੰ ਤੀਜੀ ਵਾਰ ਖਾਲੀ ਹੱਥ ਮੁੜਨਾ ਪਿਆ।ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਨਾਮਜਦ ਲਾਰੈਂਸ ਬਿਸ਼ਨੋਈ ਪਿਛਲੇ 26 ਦਿਨਾਂ ਤੋਂ ਪੰਜਾਬ ਪੁਲਿਸ ਦੀ ਹਿਰਾਸਤ 'ਚ ਹੈ, ਜਿਨਾਂ 'ਚੋਂ 14 ਦਿਨ ਮਾਨਸਾ ਪੁਲਿਸ ਨੇ ਲਾਰੈਂਸ ਨੂੰ ਆਪਣੇ ਕੋਲ ਰਿਮਾਂਡ 'ਤੇ ਰੱਖਿਆ। ਲਾਰੈਂਸ ਦਾ ਪਰਿਵਾਰ ਬਕਾਇਦਾ ਇਸ ਦੇ ਖਿਲਾਫ ਸੁਪਰੀਮ ਕੋਰਟ 'ਚ ਜਾ ਚੁੱਕਾ ਹੈ ਕਿ ਉਨਾਂ ਦੇ ਬੇਟੇ ਨੂੰ ਜਾਣਬੁੱਝ ਕੇ ਪੰਜਾਬ ਪੁਲਿਸ ਵੱਖ ਵੱਖ ਮਾਮਲਿਆਂ 'ਚ ਨਾਮਜ਼ਦ ਕਰਕੇ ਨਾਜਾਇਜ਼ ਹਿਰਾਸਤ 'ਚ ਰੱਖਣਾ ਚਾਹੁੰਦੀ ਹੈ।ਇਸ ਕੇਸ 'ਤੇ ਅੱਜ ਸੁਪਰੀਮ ਕੋਰਟ 'ਚ ਸੁਣਵਾਈ ਹੋਏਗੀ।