Punjab News: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਰਚਣ ਵਾਲੇ ਗੈਂਗਸਟਰ ਦੀਪਕ ਟੀਨੂ ਦੇ ਫਰਾਰ ਹੋਣ ਮਗਰੋਂ ਪੁਲਿਸ ਦੀ ਕਾਰਵਾਈ ਮੁੜ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਪਚਾ ਲੱਗਾ ਹੈ ਕਿ ਪੁਲਿਸ ਗੈਂਗਸਟਰ ਦੀਪਕ ਟੀਨੂ ਨੂੰ ਵੀਆਈਪੀ ਟਰੀਟਮੈਂਟ ਦੇ ਰਹੀ ਸੀ। ਦੀਪਕ ਟੀਨੂੰ ਨੂੰ ਰਿਮਾਂਡ 'ਤੇ ਲੈਣ ਤੋਂ ਬਾਅਦ ਉਸ ਨੂੰ ਲਾਕਅੱਪ ਦੀ ਬਜਾਏ ਹੋਟਲ 'ਚ ਰੱਖਿਆ ਜਾ ਰਿਹਾ ਸੀ। ਇਹ ਸਿਲਸਿਲਾ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਸੀ। ਉਸ ਦੇ ਭੱਜਣ ਤੋਂ ਬਾਅਦ ਸਾਰੀ ਪੋਲ ਦਾ ਪਰਦਾਫਾਸ਼ ਹੋਇਆ ਹੈ।
ਪੁਲਿਸ ਨੇ ਵਰਤੀ ਬੇਹੱਦ ਲਾਪ੍ਰਵਾਹੀ
ਸੂਤਰਾਂ ਨੇ ਦੱਸਿਆ ਹੈ ਕਿ ਸੀਆਈਏ ਇੰਚਾਰਜ ਮਾਨਸਾ ਗੈਂਗਸਟਰ ਦੀਪਕ ਟੀਨੂੰ ਨੂੰ ਰਾਤ ਦੇ 11 ਵਜੇ ਮਾਨਸਾ ਤੋਂ ਝੁਨੀਰ ਇੱਕ ਪ੍ਰਾਈਵੇਟ ਗੱਡੀ ਵਿੱਚ ਲੈ ਕੇ ਗਏ ਤੇ ਉਸ ਦੇ ਹੱਥਕੜੀ ਨਹੀਂ ਲੱਗੀ ਹੋਈ ਸੀ। ਉਸ ਨੂੰ ਝੁਨੀਰ ’ਚ ਸੀਆਈਏ ਇੰਚਾਰਜ ਵੱਲੋਂ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਦੇ ਉਪਰ ਇੱਕ ਕਮਰੇ ਵਿੱਚ ਲਿਜਾਇਆ ਗਿਆ ਤੇ ਉਥੋਂ ਉਹ ਫਰਾਰ ਹੋ ਗਿਆ। ਉਹ ਤਿੰਨ ਦਿਨਾਂ ਤੋਂ ਉਥੇ ਲਗਾਤਾਰ ਜਾ ਰਿਹਾ ਸੀ।
ਫ਼ਰਾਰ ਕਰਵਾਉਣ ਪਿੱਛੇ ਔਰਤ ਦੀ ਭੂਮਿਕਾ?
ਇਹ ਵੀ ਚਰਚਾ ਹੈ ਕਿ ਗੈਂਗਸਟਰ ਦੀਪਕ ਟੀਨੂ ਨੂੰ ਫ਼ਰਾਰ ਕਰਵਾਉਣ ਪਿੱਛੇ ਕਿਸੇ ਔਰਤ ਦੀ ਭੂਮਿਕਾ ਵੀ ਹੈ। ਇਸ ਬਾਰੇ ਪੁਲਿਸ ਅਜੇ ਕੁਝ ਵੀ ਕਹਿਣ ਲਈ ਤਿਆਰ ਨਹੀਂ। ਸੂਤਰਾਂ ਦੀ ਮੰਨੀਏ ਤਾਂ ਮਾਨਸਾ ਪੁਲਿਸ ਦੀਪਕ ਟੀਨੂ ਨੂੰ ਚੌਥੀ ਵਾਰ ਪ੍ਰੋਡਕਸ਼ਨ ਵਰੰਟ ’ਤੇ ਲੈ ਕੇ ਆਈ ਸੀ। ਸੀਆਈਏ ਸਟਾਫ ਵੱਲੋਂ ਇੱਕ-ਦੋ ਵਾਰ ਇਸ ਮਹਿਲਾ ਦੀ ਗੈਂਗਸਟਰ ਟੀਨੂ ਨਾਲ ਮੁਲਾਕਾਤ ਵੀ ਕਰਵਾਈ ਗਈ ਹੈ। ਇਸ ਬਾਰੇ ਪੁਲਿਸ ਖਾਮੋਸ਼ ਹੈ ਪਰ ਜਾਂਚ ਕੀਤੀ ਜਾ ਰਹੀ ਹੈ।
ਸਿੱਧੂ ਮੂਸੇਵਾਲਾ ਦਾ ਮਾਪੇ ਨਿਰਾਸ਼
ਉਧਰ, ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਤੋਂ ਇਨਸਾਫ਼ ਦੀ ਆਸ ਨਹੀਂ ਤੇ ਪੰਜਾਬ ਵਿੱਚ ਸੁਰੱਖਿਆ ਨਾਮ ਦੀ ਵੀ ਕੋਈ ਚੀਜ਼ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਜੇ ਤੱਕ ਸਿੱਧੂ ਮੂਸੇਵਾਲਾ ਦੇ ਅਸਲ ਕਾਤਲਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਤੇ ਉਨ੍ਹਾਂ ਵੱਲੋਂ ਕਈ ਨਾਮਵਰ ਲੋਕਾਂ ਦੇ ਪੁਲਿਸ ਨੂੰ ਨਾਮ ਵੀ ਦਰਜ ਕਰਵਾਏ ਹਨ, ਪਰ ਪੁਲੀਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸੂਬੇ ’ਚ ਸੁਰੱਖਿਆ ਨਾਮ ਦੀ ਕੋਈ ਚੀਜ਼ ਨਹੀਂ ਤੇ ਗੈਂਗਸਟਰ ਸ਼ਰ੍ਹੇਆਮ ਜੇਲ੍ਹਾਂ ਦੇ ’ਚੋਂ ਫ਼ਰਾਰ ਹੋ ਰਹੇ ਹਨ।
ਕੌਣ ਹੈ ਗੈਂਗਸਟਰ ਦੀਪਕ ਟੀਨੂ ?
ਟੀਨੂ ਖ਼ਿਲਾਫ਼ ਹਰਿਆਣਾ, ਪੰਜਾਬ, ਚੰਡੀਗੜ੍ਹ, ਰਾਜਸਥਾਨ, ਦਿੱਲੀ ਵਿੱਚ 35 ਤੋਂ ਵੱਧ ਕੇਸ ਦਰਜ ਹਨ। ਉਹ 2017 ਤੋਂ ਜੇਲ੍ਹ ਵਿੱਚ ਹੈ ਤੇ ਉਹ ਪਿਛਲੇ 11 ਸਾਲਾਂ ਤੋਂ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਹੋਇਆ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ