AAP Mohalla clinics: ਪੰਜਾਬ ਵਿਧਾਨ ਦਾ ਸਰਦ ਰੁੱਤ ਇਜਲਾਸ ਚੱਲ ਰਿਹਾ ਹੈ। ਸੈਸ਼ਨ ਦੇ ਪਹਿਲੇ ਦਿਨ ਮਾਨ ਸਰਕਾਰ ਨੂੰ ਸਦਨ ਦੇ ਅੰਦਰ ਅਤੇ ਬਾਹਰ ਕਾਂਗਰਸ ਵੱਲੋਂ ਖੂਬ ਘੇਰਿਆ ਗਿਆ।  ਸੂਬਾ ਸਰਕਾਰ ਦੀ ਫਲੈਗਸ਼ਿਪ ਯੋਜਨਾ ਆਮ ਆਦਮੀ ਕਲੀਨਿਕ 'ਤੇ ਵਿਰੋਧੀ ਧਿਰ ਨੇ ਜ਼ੋਰਦਾਰ ਹੋਲਾ ਬੋਲਿਆ। ਇਸ ਮਾਮਲੇ 'ਚ ਸਿਹਤ ਮੰਤਰੀ ਡਾ. ਬਲਬੀਰ ਸਿੰਘ ਸਰਕਾਰ ਦਾ ਬਚਾਅ ਕਰਨ 'ਚ ਕਾਮਯਾਬ ਰਹੇ ਤੇ ਉਨ੍ਹਾਂ ਨੂੰ ਸੱਤਾ ਧਿਰ ਦੇ ਵਿਧਾਇਕਾਂ ਦਾ ਵੀ ਸਾਥ ਮਿਲਿਆ।



ਪ੍ਰਸ਼ਨ ਕਾਲ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਪੁੱਛਿਆ ਕਿ ਕਿੰਨੇ ਵਿਧਾਇਕਾਂ ਤੇ ਮੰਤਰੀਆਂ ਨੇ ਆਮ ਆਦਮੀ ਕਲੀਨਿਕ ’ਚ ਇਲਾਜ ਕਰਵਾਇਆ ਹੈ। ਉਨ੍ਹਾਂ ਸਿਹਤ ਮੰਤਰੀ ਨੂੰ ਫੇਲ੍ਹ ਕੇਸ ਦਾ ਚੰਗਾ ਵਕੀਲ ਦੱਸਦੇ ਹੋਏ ਦੋਸ਼ ਲਗਾਇਆ ਕਿ ਸਰਕਾਰ ਨੇ ਇਹ ਕਲੀਨਿਕ ਚਲਾਉਣ ਲਈ ਸਾਰੇ ਸਰਕਾਰੀ ਹਸਪਤਾਲਾਂ ਤੇ ਡਿਸਪੈਂਸਰੀਆਂ ਨੂੰ ਤਬਾਹ ਕਰ ਦਿੱਤਾ ਹੈ। ਕਿਸੇ 'ਚ ਡਾਕਟਰ ਤੇ ਦਵਾਈਆਂ ਆਦਿ ਨਹੀਂ ਹਨ। ਇਸ 'ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਉਨ੍ਹਾਂ ਨੂੰ ਚੁਣੌਤੀ ਦਿੱਤੀ ਕਿ ਸਾਡੀ ਸਰਕਾਰ ਨੇ 664 ਮੁਹੱਲਾ ਕਲੀਨਿਕ ਖੋਲ੍ਹੇ ਹਨ। 


ਜੇਕਰ ਪਿਛਲੀਆਂ ਸਰਕਾਰਾਂ ਨੇ 164 ਵੀ ਖੋਲ੍ਹੇ ਹੋਣ ਤਾਂ ਉਹ ਜ਼ਿੰਮੇਵਾਰੀ ਲੈਣਗੇ। ਉਨ੍ਹਾਂ ਦੱਸਿਆ ਕਿ ਹੁਣ ਤਕ 80 ਲੱਖ ਲੋਕਾਂ ਨੇ ਇਨ੍ਹਾਂ ਕਲੀਨਿਕਾਂ 'ਚ ਇਲਾਜ ਕਰਵਾਇਆ ਹੈ। 2600 ਡਾਕਟਰਾਂ ਤੇ ਪੈਰਾਮੈਡੀਕਲ ਸਟਾਫ ਨੂੰ ਇੰਪੈਨਲ ਕੀਤਾ ਗਿਆ ਹੈ। ਇਸ ਦੀ ਸਫਲਤਾ ਦਾ ਸਬੂਤ ਤ ਕਿ ਨੈਰੋਬੀ 'ਚ ਸਾਡੇ ਇਸ ਮਾਡਲ ਨੂੰ 85 ਦੇਸ਼ਾਂ 'ਚ ਪਹਿਲਾ ਸਥਾਨ ਮਿਲਿਆ ਹੈ।



ਇਸ ’ਤੇ ਬਾਜਵਾ ਨੇ ਕਿਹਾ ਕਿ ਉਨ੍ਹਾਂ ਦੇ ਹਲਕੇ 'ਚ ਇਕ ਵੀ ਕਲੀਨਿਕ ਨਹੀਂ ਖੋਲ੍ਹਿਆ ਗਿਆ ਜਦਕਿ ਹਲਕੇ ਦੇ ਅਧੀਨ ਆਉਂਦੇ ਸਾਰੇ ਸਬ ਡਵੀਜ਼ਨ ਹਸਪਤਾਲਾਂ ਨੂੰ ਡਾਕਟਰਾਂ ਤੇ ਦਵਾਈਆਂ ਤੋਂ ਖ਼ਾਲੀ ਕਰ ਦਿੱਤਾ ਹੈ। ਮੰਤਰੀ ਨੇ ਜਵਾਬ ਦਿੰਦਿਆਂ ਕਿਹਾ ਕਿ ਛੇ ਮਹੀਨੇ ਅੰਦਰ ਸਾਰੇ ਸਬ ਡਵੀਜ਼ਨ ਹਸਪਤਾਲਾਂ ਨੂੰ ਐਕਸਰੇ ਮਸ਼ੀਨਾਂ, ਡਾਕਟਰਾਂ ਤੇ ਦਵਾਈਆਂ ਨਾਲ ਲੈਸ ਕਰ ਦਿੱਤਾ ਜਾਵੇਗਾ।


ਬਾਜਵਾ ਨੇ ਪੁੱਛਿਆ, ਜੇਕਰ ਇਹ ਮਾਡਲ ਇੰਨਾ ਵਧੀਆ ਹੈ ਤਾਂ ਤੁਹਾਡੇ ਵਿਧਾਇਕ ਤੇ ਮੰਤਰੀ ਇਸ 'ਚ ਇਲਾਜ ਕਿਉਂ ਨਹੀਂ ਕਰਵਾਉਂਦੇ। ਇਸ ਦਾ ਜਵਾਬ ਦਿੰਦਿਆਂ ਡਾ. ਬਲਬੀਰ ਨੇ ਕਿਹਾ ਕਿ ਮੈਂ ਖ਼ੁਦ ਮੁਹੱਲਾ ਕਲੀਨਿਕਾਂ 'ਚ ਜਾਂਦਾ ਹਾਂ। ਵਿਧਾਇਕ ਨੇ ਵੀ ਹੱਥ ਕਰ ਕੇ ਕਿਹਾ ਕਿ ਉਹ ਵੀ ਇਨ੍ਹਾਂ ਕਲੀਨਿਕਾਂ 'ਚ ਇਲਾਜ ਕਰਵਾਉਂਦੇ ਹਨ।


 ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਆਪਣੇ ਹਲਕੇ ਦਾ ਹਸਪਤਾਲ 1.5 ਕਰੋੜ ਰੁਪਏ ਖ਼ਰਚ ਕਰ ਕੇ ਸਭ ਤੋਂ ਵਧੀਆ ਬਣਾਇਆ ਸੀ ਜਿਸਦਾ ਜਵਾਬ ਦਿੰਦਿਆਂ ਡਾ. ਬਲਬੀਰ ਨੇ ਕਿਹਾ ਕਿ ਆਪਣੇ ਹਲਕੇ ਦਾ ਹਸਪਤਾਲ ਵਧੀਆ ਬਣਾ ਕੇ ਸਾਬਕਾ ਮੰਤਰੀ ਨੇ ਕੀ ਕੀਤਾ ਹੈ, ਸਿਹਤ ਮੰਤਰੀ ਰਹਿੰਦੇ ਹੋਏ ਮੇਰੀ ਡਿਊਟੀ ਕਿ ਪੰਜਾਬ ਦੇ ਸਾਰੇ ਪ੍ਰਾਇਮਰੀ ਤੇ ਸੈਕੰਡਰੀ ਹਸਪਤਾਲਾਂ ਨੂੰ ਏਵਨ ਬਣਾਵਾਂ।