ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਅਤੇ ਅਦਾਕਾਰਾ ਪਰੀਨੀਤੀ ਚੋਪੜਾ ਦੇ ਰਾਜਸਥਾਨ 'ਚ ਹੋਏ ਵਿਆਹ ਸਬੰਧੀ ਕੀਤੇ ਗਏ ਖਰਚੇ 'ਤੇ ਅਕਾਲੀ ਦਲ ਅਤੇ ਕਾਂਗਰਸ ਨੇ ਸਵਾਲ ਖੜ੍ਹੇ ਕਰ ਦਿੱਤੀ ਹਨ। ਕਾਂਗਰਸੀ ਲੀਡਰ ਸੁਖਪਾਲ ਸਿੰਘ ਖਹਿਰਾ ਨੇ ਵਿਆਹ ਦੇ ਹੋਏ ਖਰਚੇ ਦਾ ਹਿਸਾਬ ਮੰਗ ਲਿਆ ਹੈ।


ਖਹਿਰਾ ਨੇ ਟਵੀਟ ਕਰਕੇ ਕਿਹਾ ਕਿ ਰਾਘਵ ਚੱਢਾ ਨੇ ਸਾਲ 2020-21 ITR ਵਿੱਚ ਆਪਣੀ ਆਮਦਨ ਸਿਰਫ 2.44 ਲੱਖ ਰੁਪਏ ਦੱਸੀ ਹੈ। ਤਾਂ ਫਿਰ ਇਹਨਾਂ ਦੇ ਵਿਆਹ 'ਤੇ ਸਾਰਾ ਪੈਸਾ ਕਿਸ ਨੇ ਖਰਚ ਕੀਤਾ, ਖਹਿਰਾ ਨੇ ਕਿਹਾ ਸੀ ਪੈਸਿਆਂ ਦੇ ਸਰੋਤ ਦਾ ਖੁਲਾਸਾ ਕਰੋ ਅਤੇ ਇਹ ਦੱਸੇ ਕਿ ਵਿਆਹ ਦੇ ਬਿੱਲਾਂ ਦਾ ਭੁਗਤਾਨ ਕਿਸ ਨੇ ਕੀਤਾ ਹੈ? 



ਸੁਖਪਾਲ ਖਹਿਰਾ ਨੇ ਕਿਹਾ ਕਿ ਮੀਡੀਆ ਅਨੁਸਾਰ ਵਿਆਹ ਦੇ ਖਰਚਿਆਂ ਇਸ ਤਰ੍ਹਾ ਹਨ ਕਿ


1)  7 ਸਟਾਰ ਲੀਲਾ ਪੈਲੇਸ ਹੋਟਲ ਦਾ ਬਿੱਲ ਜੋ ਕਿ ਵਿਆਹ ਲਈ ਪੂਰੀ ਤਰ੍ਹਾਂ ਬੁੱਕ ਕੀਤਾ ਗਿਆ ਸੀ ਉਸ 'ਤੇ 1.50 ਕਰੋੜ ਰੁਪਏ ਖਰਚੇ ਗਏ। 


2) ਹੋਟਲ ਤਾਜ ਲੇਕ ਪੈਲੇਸ 13 ਕਮਰਿਆਂ ਦਾ ਬਿੱਲ 16 ਲੱਖ ਰੁਪਏ।


3) ਹੋਟਲ ਟ੍ਰਾਈਡੈਂਟ 30 ਕਮਰਿਆਂ ਦਾ ਬਿੱਲ 20 ਲੱਖ ਰੁਪਏ।


4) ਹੋਟਲ ਮਨੋਹਰ ਐਂਡ ਪੈਨਰੋਮਾ ਵਿਖੇ ਪੰਜਾਬ ਪੁਲਿਸ ਦੇ 90 ਮੁਲਾਜ਼ਮਾਂ ਦੇ ਠਹਿਰਨ ਦਾ ਬਿੱਲ 4 ਲੱਖ ਰੁਪਏ।


5) 20 ਲੱਖ ਰੁਪਏ ਸਥਾਨਕ ਆਵਾਜਾਈ ਦੇ ਖਰਚੇ।



ਇਸ ਤਰ੍ਹਾਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਇਹ ਸਵਾਲ ਚੁੱਕਿਆ ਕਿ ਆਪ ਦੇ ਐਮ ਪੀ ਸ੍ਰੀ ਰਾਘਵ ਚੱਢਾ ਨੇ ਆਪਣੀ ਆਮਦਨ ਕਰ ਰਿਟਰਨ ਵਿਚ ਆਪਣੀ ਆਮਦਨ 2.44 ਲੱਖ ਰੁਪਏ ਵਿਖਾਈ ਹੈ ਤਾਂ ਫਿਰ ਉਦੈਪੁਰ ਵਿਚ ਉਹਨਾਂ ਦੇ ਹਾਈ ਪ੍ਰੋਫਾਈਲ ਵਿਆਹ ਦਾ ਖਰਚਾ ਕੌਣ ਕਰ ਰਿਹਾ ਹੈ ? ਉਹਨਾਂ ਕਿਹਾ ਕਿ ਇਸ ਵਿਆਹ ’ਤੇ ਕਰੋੜਾਂ ਰੁਪਏ ਖਰਚੇ ਜਾ ਰਹੇ ਹਨ ਤੇ ਇਹ ਸਪਸ਼ਟ ਨਹੀਂ ਕਿ ਬਿੱਲ ਕੌਣ ਤਾਰ ਰਿਹਾ ਹੈ ? 


ਉਹਨਾਂ ਨੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਪੁੱਛਿਆ ਕਿ ਕੀ ਬਿੱਲ ਪੰਜਾਬ ਸਰਕਾਰ ਤਾਰ ਰਹੀ ਹੈ ਜਾਂ ਫਿਰ ਸੂਬੇ ਦੇ ਉਦਯੋਗਪਤੀਆਂ ਨੂੰ ਬਿੱਲ ਭਰਨ ਵਾਸਤੇ ਮਜਬੂਰ ਕੀਤਾ ਗਿਆ ਹੈ ? ਉਹਨਾਂ ਕਿਹਾ ਕਿ ਸਰਦਾਰ ਮਜੀਠੀਆ ਨੇ ਸ੍ਰੀ ਭਗਵੰਤ ਮਾਨ ਵੱਲੋਂ ਸਿਰਫ ਡੇਢ ਸਾਲਾਂ ਵਿਚ 50 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲੈਣ ਦੀ ਵੀ ਨਿਖੇਧੀ ਕੀਤੀ ਤੇ ਕਿਹਾ ਕਿ ਇਸਦਾ ਮਤਲਬ ਹੈ ਕਿ ਪੰਜਾਬੀਆਂ ਸਿਰ ਰੋਜ਼ਾਨਾ 100 ਕਰੋੜ ਰੁਪਏ ਦਾ ਕਰਜ਼ਾ ਚੜ੍ਹ ਰਿਹਾ ਹੈ। 


ਉਹਨਾਂ ਕਿਹਾ ਕਿ ਇਹ ਹੋਰ ਵੀ ਹੈਰਾਨੀਜਨਕ ਹੈ ਕਿਉਂਕਿ ਇਸ ਪੈਸੇ ਵਿਚੋਂ ਵਿਕਾਸ ਕਾਰਜਾਂ ’ਤੇ ਧੇਲਾ ਵੀ ਨਹੀਂ ਖਰਚਿਆ ਗਿਆ ਜਦੋਂ ਕਿ ਇਸ਼ਤਿਹਾਰਬਾਜ਼ੀ ’ਤੇ 800 ਕਰੋੜ ਰੁਪਏ ਖਰਚ ਕੀਤੇ ਗਏ ਤੇ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਲਿਆਉਣ ਲਿਜਾਣ ਵਾਸਤੇ ਮੋਟੀਆਂ ਰਕਮਾਂ ਖਰਚਕੀਤੀਆਂ  ਜਾ ਰਹੀਆਂ ਹਨ।