ਚੰਡੀਗੜ੍ਹ: ਸੂਬੇ 'ਚ ਟ੍ਰੇਨਾਂ ਚੱਲਣ ਦਾ ਰਾਹ ਭਾਜਪਾ ਦੇ ਸਾਬਕਾ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਨੇ ਦੱਸਿਆ ਹੈ।ਪੰਜਾਬ ਅੰਦਰ ਲੰਬੇ ਸਮੇਂ ਤੋਂ ਰੇਲ ਆਵਾਜਾਈ ਬੰਦ ਹੈ।ਜਿਸ ਕਾਰਨ ਪੰਜਾਬ ਅੰਦਰ ਕਈ ਜ਼ਰੂਰੀ ਵਸਤਾਂ ਦੀ ਕਮੀ ਆਉਣੀ ਸ਼ੁਰੂ ਹੋ ਗਈ ਹੈ।ਰੇਲਾਂ ਬੰਦ ਹੋਣ ਕਾਰਨ ਪੰਜਾਬ ਅੰਦਰ ਕੋਲੇ ਦੀ ਭਾਰੀ ਕਮੀ ਆ ਗਈ ਹੈ।ਮੰਗਲਵਾਰ ਨੂੰ ਬਿਜਲੀ ਉਤਪਾਦਨ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ।ਰਾਜ ਦੇ ਆਖਰੀ ਪਾਵਰ ਪਲਾਂਟ, ਜੀਵੀਕੇ ਥਰਮਲ ਪਲਾਂਟ 'ਚ ਵੀ ਕੋਲਾ ਮੁੱਕ ਗਿਆ ਹੈ ਜਿਸ ਮਗਰੋਂ ਹੁਣ ਇੱਥੇ ਵੀ ਬਿਜਲੀ ਪ੍ਰੋਡਕਸ਼ਨ ਬੰਦ ਹੋ ਗਈ ਹੈ।ਪੰਜਾਬ ਦੇ ਚਾਰ ਥਰਮਲ ਪਾਵਰ ਪਲਾਂਟ ਪਹਿਲਾਂ ਹੀ ਬੰਦ ਹੋ ਚੁੱਕੇ ਹਨ।ਐਸੇ 'ਚ ਟ੍ਰੇਨਾਂ ਦਾ ਚੱਲਣਾ ਪੰਜਾਬ ਲਈ ਬਹੁਤ ਜ਼ਿਆਦਾ ਜ਼ਰੂਰੀ ਹੋ ਗਿਆ ਹੈ।

ਮੰਗਲਵਾਰ ਨੂੰ ਭਾਜਪਾ ਦੇ ਸਾਬਕਾ ਪ੍ਰਧਾਨ ਸ਼ਵੇਤ ਮਲਿਕ ਫਾਜ਼ਿਲਕਾ ਪਹੁੰਚੇ ਜਿੱਥੇ ਉਨ੍ਹਾਂ ਨੇ ਮੀਡਿਆ ਨਾਲ ਗੱਲ ਕਰਦਿਆਂ ਕਿਹਾ ਕਿ ਇਹ ਖੇਤੀ ਕਾਨੂੰਨ ਕਾਂਗਰਸ ਵਲੋਂ ਬਣਾਇਆ ਗਿਆ ਹੈ। ਭਾਜਪਾ ਸਰਕਾਰ ਨੇ ਤਾਂ ਸਿਰਫ ਉਨ੍ਹਾਂ ਕਾਨੂੰਨਾਂ ਵਿੱਚ ਸੋਧ ਕਰਕੇ ਉਨ੍ਹਾਂ ਨੂੰ ਲਾਗੂ ਕੀਤਾ ਹੈ।ਸ਼ਵੇਤ ਮਲਿਕ ਨੇ ਪੰਜਾਬ ਵਿੱਚ ਰੇਲ ਗੱਡੀਆਂ ਨਾ ਚੱਲਣ ਦਾ ਜਿੰਮੇਵਾਰ ਪੰਜਾਬ ਸਰਕਾਰ ਨੂੰ ਦੱਸਿਆ ਹੈ।

ਮਲਿਕ ਨੇ ਕਿਹਾ ਕਿ ਪੰਜਾਬ ਵਿੱਚ 29 ਰੇਲਵੇ ਸਟੇਸ਼ਨਾਂ ਉੱਤੇ ਕਿਸਾਨਾਂ ਵਲੋਂ ਧਰਨੇ ਲਗਾਏ ਗਏ ਹਨ ਅਤੇ 4 ਸਟੇਸ਼ਨਾਂ ਉੱਤੇ ਕਿਸਾਨ ਰੇਲਵੇ ਟ੍ਰੈਕ ਰੋਕ ਕੇ ਬੈਠੇ ਹਨ। ਜਿਸਦੇ ਖਾਲੀ ਹੋਣ ਦੇ ਬਾਅਦ ਹੀ ਗੱਡੀਆਂ ਚਲਾਈਆ ਜਾ ਸਕਦੀਆਂ ਹਨ ਅਤੇ ਇਹ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ ਕਿ ਰੇਲਵੇ ਟ੍ਰੈਕ ਨੂੰ ਖਾਲੀ ਕਰਵਾਇਆ ਜਾਏ।

ਦੱਸ ਦੇਈਏ ਕਿ ਪੰਜਾਬ ਅੰਦਰ ਰੇਲ ਸੇਵਾ ਕਰੀਬ ਇੱਕ ਮਹੀਨੇ ਤੋਂ ਬੰਦ ਹੈ। ਕਿਸਾਨਾਂ ਨੇ 24 ਅਕਤੂਬਰ ਨੂੰ ਰੇਲਵੇ ਟ੍ਰੈਕ ਖਾਲੀ ਕਰ ਰੇਲ ਆਵਾਜਾਈ ਚਾਲੂ ਕਰਨ ਨੂੰ ਸਹਿਮਤੀ ਦੇ ਦਿੱਤੀ ਸੀ ਪਰ ਦੋ ਦਿਨਾਂ ਮਗਰੋਂ ਕੇਂਦਰ ਸਰਕਾਰ ਨੇ ਮੁੜ ਇਸ ਤੇ ਰੋਕ ਲਾ ਦਿੱਤੀ ਅਤੇ ਪੰਜਾਬ ਅੰਦਰ ਮਾਲ ਗੱਡੀਆਂ ਦੀ ਆਵਾਜਾਈ ਠੱਪ ਕਰ ਦਿੱਤੀ।