Farmer Protest: ਕਿਸਾਨੀ ਮੰਗਾਂ ਨੂੰ ਲੈ ਕੇ ਢਾਬੀ ਗੁਜਰਾਂ/ਖਨੌਰੀ ਬਾਰਡਰ ’ਤੇ ਮਰਨ ਵਰਤ ਉੱਪਰ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ(Jagjit Singh Dallewal) ਦੇ ਜੱਦੀ ਪਿੰਡ ਡੱਲੇਵਾਲ ਵਿੱਚ ਵੀ ਅੱਜ ਪਿੰਡ ਦੇ ਲੋਕਾਂ ਨੇ ਉਨ੍ਹਾਂ ਦੇ ਸੰਘਰਸ਼ ਦਾ ਸਾਥ ਦਿੱਤਾ ਪਿੰਡ ਦੇ ਕਿਸੇ ਵੀ ਪਰਿਵਾਰ ਨੇ ਚੁੱਲ੍ਹਾ ਨਹੀਂ ਬਾਲ਼ਿਆ। ਇਸ ਦੇ ਨਾਲ ਹੀ ਪਿੰਡ ਵਾਸੀਆਂ ਨੇ ਅੱਜ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਭੁੱਖ ਹੜਤਾਲ ’ਤੇ ਬੈਠਣ ਦਾ  ਫ਼ੈਸਲਾ ਕੀਤਾ ਹੈ।


ਇਸ ਭੁੱਖ ਹੜਤਾਲ ਵਿੱਚ ਜਗਜੀਤ ਸਿੰਘ ਡੱਲੇਵਾਲ ਦਾ ਲੜਕਾ ਗੁਰਪਿੰਦਰ ਸਿੰਘ, ਨੂੰਹ ਹਰਪ੍ਰੀਤ ਕੌਰ ਅਤੇ ਪੋਤਰਾ ਜਿਗਰਜੋਤ ਵੀ ਸ਼ਾਮਿਲ ਹਨ। ਭੁੱਖ ਹੜਤਾਲ ਵਿੱਚ ਪਿੰਡ ਦੇ ਵਸਨੀਕ ਵਧ ਚੜ੍ਹ ਕੇ ਸ਼ਾਮਿਲ ਹੋਏ।



ਪੂਰਾ ਦਿਨ ਹੜਤਾਲ ਕਰਨਗੇ ਕਿਸਾਨ


ਜ਼ਿਕਰ ਕਰ ਦਈਏ ਕਿ ਹਰਿਆਣਾ ਅਤੇ ਪੰਜਾਬ ਦੀ ਖਨੌਰੀ ਸਰਹੱਦ 'ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਸਮੇਤ ਕਿਸਾਨ ਅੱਜ ਪੂਰਾ ਦਿਨ ਭੁੱਖ ਹੜਤਾਲ 'ਤੇ ਰਹਿਣਗੇ। ਮੋਰਚੇ 'ਤੇ ਲੰਗਰ ਤਿਆਰ ਨਹੀਂ ਕੀਤਾ ਜਾਵੇਗਾ। ਪਿੰਡਾਂ ਦੇ ਲੋਕਾਂ ਨੂੰ ਵੀ ਮੋਰਚੇ ਵਿੱਚ ਲੰਗਰ ਨਾ ਲਿਆਉਣ ਲਈ ਕਹਿ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕਿਸਾਨ ਮੀਟਿੰਗ ਕਰਕੇ ਦਿੱਲੀ ਕੂਚ ਨੂੰ ਲੈਕੇ ਐਲਾਨ ਕਰਨਗੇ। 


ਮਰਨ ਵਰਤ ਕਰਕੇ ਡੱਲੇਵਾਲ ਦੀ ਵਿਗੜੀ ਸਿਹਤ 


ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਤੇ ਅਭਿਮਨਿਊ ਕੋਹਾੜ ਨੇ ਦੱਸਿਆ ਕਿ ਡੱਲੇਵਾਲ ਦੀ ਸਿਹਤ ਜ਼ਿਆਦਾ ਖਰਾਬ ਹੋ ਗਈ ਹੈ। ਉਨ੍ਹਾਂ ਦਾ ਮਰਨ ਵਰਤ 15ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਉਨ੍ਹਾਂ ਨੂੰ ਸਟੇਜ 'ਤੇ ਆਉਣ 'ਚ ਵੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।



ਮੰਗਾਂ ਨਾ ਮੰਨੇ ਜਾਣ ਤੱਕ ਮਰਨ ਵਰਤ ਰਹੇਗਾ ਜਾਰੀ


ਡੱਲੇਵਾਲ ਦਾ ਕਹਿਣਾ ਹੈ ਕਿ ਇਹ ਇੱਕ ਸਰਬਪੱਖੀ ਲੜਾਈ ਹੈ ਅਤੇ ਉਨ੍ਹਾਂ ਦਾ ਮਰਨ ਵਰਤ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਐਮਐਸਪੀ ਗਾਰੰਟੀ ਕਾਨੂੰਨ ਨਹੀਂ ਬਣ ਜਾਂਦਾ। ਇਸ ਦੌਰਾਨ ਡੱਲੇਵਾਲ ਭਾਵੁਕ ਨਜ਼ਰ ਆਏ। ਉਨ੍ਹਾਂ ਦੇ ਭਾਵੁਕ ਹੋਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਡੱਲੇਵਾਲ ਨਾਲ ਮੁਲਾਕਾਤ ਦੌਰਾਨ ਉਹ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਭਾਵੁਕ ਨਜ਼ਰ ਆਏ।


ਇਹ ਵੀ ਪੜ੍ਹੋ-Farmer Protest: ਡੱਲੇਵਾਲ ਦੀ ਤੇਜ਼ੀ ਨਾਲ ਵਿਗੜ ਰਹੀ ਸਿਹਤ, ਹੁਣ ਕਰ ਦਿੱਤਾ ਵੱਡਾ ਐਲਾਨ, ਸੰਸਦ ਮੈਂਬਰਾਂ ਦੇ ਘਰਾਂ ਬਾਹਰ ਹੋਵੇਗਾ ਮਰਨ ਵਰਤ