ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਜਿਸ ਸ਼ਖਸ ਦੀਆਂ ਤਸਵੀਰਾਂ ਜਾਰੀ ਕਰਕੇ ਇੱਕ-ਦੂਜੇ ਉੱਪਰ ਗੈਂਗਸਟਰਾਂ ਨਾਲ ਮਿਲੀਭੁਗਤ ਦੇ ਇਲਜ਼ਾਮ ਲਾ ਰਹੇ ਹਨ, ਉਸ ਦਾ ਕਹਿਣਾ ਹੈ ਕਿ ਉਸ ਮਾਣਹਾਨੀ ਦਾ ਦਾਅਵਾ ਠੋਕੇਗਾ।


ਹਰਜਿੰਦਰ ਸਿੰਘ ਬਿੱਟੂ ਸਰਪੰਚ ਨੇ ਕਿਹਾ ਹੈ ਕਿ ਕੈਪਟਨ ਨੇ ਗੈਂਗਸਟਰ ਹੋਣ ਦੇ ਝੂਠੇ ਇਲਜ਼ਾਮ ਲਾਏ ਹਨ। ਅਦਾਲਤ ਨੇ ਉਸ ਨੂੰ ਸਾਰੇ ਕੇਸਾਂ ਵਿੱਚੋਂ ਬਾਇੱਜ਼ਤ ਬਰੀ ਕੀਤਾ ਹੈ। ਉਨ੍ਹਾਂ ਸਵਾਲ ਕੀਤਾ ਕਿ ਕੈਪਟਨ ਅਦਾਲਤ ਤੋਂ ਵੀ ਉਪਰ ਹਨ ਜੋ ਉਸ ਨੂੰ ਗੈਂਗਸਟਰ ਦੱਸ ਰਹੇ ਹਨ।

ਬਿੱਟੂ ਸਰਪੰਚ ਨੇ ਕਿਹਾ ਹੈ ਕਿ ਉਹ ਕੈਪਟਨ ਖਿਲਾਫ ਮਾਣਹਾਨੀ ਦਾ ਕੇਸ ਦਰਜ ਕਰੇਗਾ। ਉਸ ਨੇ ਇਹ ਵੀ ਇਲਜ਼ਾਮ ਲਾਇਆ ਕਿ ਪੁਲਿਸ ਉਸ ਦੇ ਘਰ ਬਿਨਾ ਵਜ੍ਹਾ ਛਾਪੇ ਮਾਰ ਰਹੀ ਹੈ। ਬਿਨਾ ਕਿਸੇ ਕਾਰਨ ਉਸ ਦੀ ਪਤਨੀ ਦਾ ਅਸਲਾ ਲਾਈਸੈਂਸ ਕੈਂਸਲ ਕਰ ਦਿੱਤਾ ਹੈ।

ਯਾਦ ਰਹੇ ਕੈਪਟਨ ਨੇ ਬਿੱਟੂ ਸਰਪੰਚ ਦੀਆਂ ਬਾਦਲ ਪਰਿਵਾਰ ਤੇ ਮਜੀਠੀਆ ਨਾਲ ਤਸਵੀਰਾਂ ਜਾਰੀ ਕਰਕੇ ਇਲਜ਼ਾਮ ਲਾਇਆ ਸੀ ਕਿ ਉਨ੍ਹਾਂ ਦੇ ਗੈਂਗਸਟਰਾਂ ਨਾਲ ਸਬੰਧ ਹਨ। ਇਸ ਮਗਰੋਂ ਸੁਖਬੀਰ ਬਾਦਲ ਨੇ ਵੀ ਕੈਪਟਨ ਨਾਲ ਬਿੱਟੂ ਸਰਪੰਚ ਦੀਆਂ ਤਸਵੀਰਾਂ ਜਾਰੀ ਕਰਕੇ ਦਾਅਵਾ ਕੀਤਾ ਸੀ ਕਿ ਉਹ ਕਾਂਗਰਸ ਵਿੱਚ ਸ਼ਾਮਲ ਹੋ ਚੁੱਕਾ ਹੈ।