ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਬਠਿੰਡਾ ਤੇ ਰੋਪੜ ਪਾਵਰ ਪਲਾਂਟਾਂ 'ਤੇ ਪ੍ਰਮਾਣੂ ਊਰਜਾ ਇਕਾਈਆਂ ਦੀ ਸਥਾਪਤੀ ਲਈ ਕੇਂਦਰ ਸਰਕਾਰ ਤੋਂ ਕੋਈ ਵੀ ਪ੍ਰਸਤਾਵ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਇਸ ਬਾਰੇ ਕੇਂਦਰੀ ਮੰਤਰੀ ਨਾਲ ਕੋਈ ਗੱਲ਼ ਨਹੀਂ ਹੋਈ। ਕੈਪਟਨ ਨੇ ਮਜ਼ਾਕੀਆ ਲਹਿਜ਼ੇ ਵਿੱਚ ਕਿਹਾ ਕਿ ਅਜੇ ਤਾਂ ਉਨ੍ਹਾਂ ਕੋਲ ਬਿਜਲੀ ਮੰਤਰੀ ਵੀ ਨਹੀਂ ਹੈ। ਇੱਥੇ ਕੈਪਟਨ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਨੂੰ ਮਿਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰ ਰਹੇ ਸਨ।



ਯਾਦ ਰਹੇ ਊਰਜਾ ਉਤਪਾਦਨ ਲਈ ਪ੍ਰਮਾਣੂ ਊਰਜਾ ਦੀ ਵਰਤੋਂ ਦੇ ਵਿਸ਼ੇ 'ਤੇ ਗੱਲਬਾਤ ਲੰਮੇ ਸਮੇਂ ਤੋਂ ਚੱਲ ਰਹੀ ਹੈ ਪਰ ਅਜੇ ਤਕ ਕੁਝ ਵੀ ਸਿੱਟਾ ਨਹੀਂ ਨਿਕਲਿਆ। ਇਸ ਬਾਰੇ ਅੱਜ ਕੈਪਟਨ ਨੂੰ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ ਜਦੋਂ ਰਸਮੀ ਪ੍ਰਸਤਾਵ ਮਿਲੇਗਾ, ਉਹ ਸਭ ਨੂੰ ਦੱਸ ਦੇਣਗੇ। ਮੁੱਖ ਮੰਤਰੀ ਨੇ ਨਵਜੋਤ ਸਿੱਧੂ ਦੇ ਅਸਤੀਫੇ ਬਾਰੇ ਸਪੱਸ਼ਟ ਰੂਪ 'ਚ ਕਿਹਾ, "ਇਸ ਵੇਲੇ ਮੇਰੇ ਕੋਲ ਬਿਜਲੀ ਮੰਤਰੀ ਵੀ ਨਹੀਂ ਹੈ।" ਦਰਅਸਲ ਮੰਤਰੀ ਮੰਡਲ ਦੇ ਫੇਰਬਦਲ ਮਗਰੋਂ ਨਵਜੋਤ ਸਿੱਧੂ ਨੂੰ ਬਿਜਲੀ ਮੰਤਰਾਲਾ ਦਿੱਤਾ ਗਿਆ ਸੀ ਪਰ ਉਨ੍ਹਾਂ ਨੇ ਅਹੁਦਾ ਸੰਭਾਲਣ ਤੋਂ ਇਨਕਾਰ ਕਰ ਦਿੱਤਾ ਸੀ।



ਮੁੱਖ ਮੰਤਰੀ ਖੁਦ ਨਿੱਜੀ ਤੌਰ 'ਤੇ ਝੋਨੇ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਰੋਜ਼ਾਨਾ ਦੇ ਆਧਾਰ 'ਤੇ ਬਿਜਲੀ ਵਿਭਾਗ ਦੀ ਨਿਗਰਾਨੀ ਕਰ ਰਹੇ ਹਨ। ਝੋਨੇ ਦੇ ਸੀਜ਼ਨ ਲਈ ਲਗਾਤਾਰ ਬਿਜਲੀ ਚਾਹੀਦੀ ਹੈ। ਇਕ ਹੋਰ ਸਵਾਲ ਦੇ ਜਵਾਬ 'ਚ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਕਦੇ ਵੀ ਕੇਂਦਰ ਨਾਲ ਕੰਮ ਕਰਨ ਵਿੱਚ ਕੋਈ ਸਮੱਸਿਆ ਨਹੀਂ ਸੀ। ਕੇਂਦਰ ਤੇ ਸੂਬਾ ਸਰਕਾਰਾਂ ਦਰਮਿਆਨ ਚੰਗੇ ਰਿਸ਼ਤੇ ਸੰਘੀ ਢਾਂਚੇ 'ਚ ਮਹੱਤਵਪੂਰਨ ਹਨ। ਉਨ੍ਹਾਂ ਨੂੰ ਪੰਜਾਬ ਦੇ ਹਿੱਤ 'ਚ ਕੇਂਦਰ ਵਿੱਚ ਕਿਸੇ ਵੀ ਸਰਕਾਰ ਨਾਲ ਕੋਈ ਲੈਣਾ-ਦੇਣਾ ਨਹੀਂ ਸੀ।