Punjab News: ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਵਿੱਚ ਤੜਕਸਾਰ ਤੋਂ ਫੇਰਬਦਲ ਦੀ ਕਨਸੋਆਂ ਸਨ ਇਸ ਦੌਰਾਨ ਇਹ ਵੀ ਸਾਹਮਣੇ ਆਇਆ ਸੀ ਕਿ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪ੍ਰਧਾਨਗੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਪਰ ਹੁਣ ਅਸ਼ਵਨੀ ਸ਼ਰਮਾਂ ਵੱਲੋਂ ਇਨ੍ਹਾਂ ਕਨਸੋਆਂ ਦਾ ਖੰਡਨ ਕੀਤਾ ਗਿਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਅਸ਼ਵਨੀ ਸ਼ਰਮਾ ਦੀ ਥਾਂ ਭਾਜਪਾ ਸੁਨੀਲ ਜਾਖੜ ਦੇ ਨਾਂਅ ਉੱਤੇ ਦਾਅ ਖੇਡ ਸਕਦੀ ਹੈ।
ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਟਵੀਟ ਕਰਦਿਆਂ ਕਿਹਾ, ਮੀਡੀਆ ਵਿੱਚ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਮੈਂ ਭਾਜਪਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ, ਮੈਂ ਅਜਿਹੀਆਂ ਅਫਵਾਹਾਂ ਦਾ ਖੰਡਨ ਕਰਦਾ ਹਾਂ। ਆਪ ਸਭ ਦੀ ਜਾਣਕਾਰੀ ਲਈ ਮੈਂ ਦੱਸਣਾ ਚਾਹੁੰਦਾ ਹਾਂ ਕਿ ਭਾਜਪਾ ਵਿੱਚ ਅਸਤੀਫੇ ਦੀ ਕੋਈ ਪਰੰਪਰਾ ਨਹੀਂ ਹੈ।
ਚਰਚਾਵਾਂ ਹਨ ਕਿ ਭਾਜਪਾ 2024 ਦੀਆਂ ਲੋਕ ਸਭਾ ਚੋਣਾਂ ਨੂੰ ਦੇਖਦਿਆਂ ਇੱਕ ਵੱਡਾ ਦਾਅ ਖੇਡਣ ਦੀ ਤਿਆਰੀ 'ਚ ਹੈ। ਪੰਜਾਬ 'ਚ ਸੁਨੀਲ ਜਾਖੜ ਭਾਰਤੀ ਜਨਤਾ ਪਾਰਟੀ ਦੇ ਨਵੇਂ ਸੂਬਾ ਪ੍ਰਧਾਨ ਹੋ ਸਕਦੇ ਹਨ। ਪੰਜਾਬ 'ਚ ਸੁਨੀਲ ਜਾਖੜ ਹਿੰਦੂ ਤੇ ਜੱਟ ਭਾਈਚਾਰੇ ਦਾ ਇੱਕ ਸਾਂਝਾ ਚਿਹਰਾ ਹਨ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨਾਲੋਂ ਗਠਜੌੜ ਟੁੱਟਣ ਤੋਂ ਬਾਅਦ ਭਾਜਪਾ ਲਗਾਤਾਰ ਅਜਿਹੇ ਚਿਹਰੇ ਦੀ ਭਾਲ 'ਚ ਜੁਟੀ ਹੋਈ ਸੀ ਜੋ ਸ਼ਹਿਰ ਤੇ ਪਿੰਡ 'ਚ ਸਾਂਝੇ ਰੂਪ ਨਾਲ ਪ੍ਰਭਾਵ ਰੱਖਦਾ ਹੋਵੇ। ਕਿਸਾਨ ਪਰਿਵਾਰ ਨਾਲ ਜੁੜੇ ਜਾਖੜ ਨਾ ਸਿਰਫ਼ ਪਿੰਡ 'ਚ ਜੁੜੇ ਹਨ ਬਲਕਿ ਸ਼ਹਿਰਾਂ 'ਚ ਵੀ ਚੰਗੀ ਪਕੜ ਰੱਖਦੇ ਹਨ। ਇਹੀ ਕਾਰਨ ਹੈ ਕਿ ਭਾਜਪਾ ਪੰਜਾਬ 'ਚ ਜਾਖੜ ਦੇ ਨਾਂ 'ਤੇ ਵੱਡਾ ਦਾਅ ਖੇਡਣ ਜਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਜਾਖੜ ਦੇ ਨਾਂ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਆਪਣੀ ਮੋਹਰ ਲਗਾ ਦਿੱਤੀ ਹੈ। ਹਲਾਂਕਿ ਇਸ ਦੀ ਅਧਿਕਾਰੀਤ ਤੌਰ 'ਤੇ ਪੁਸ਼ਟੀ ਹੋਣਾ ਬਾਕੀ ਹੈ। ਪਰ ਚਰਚਾਵਾਂ ਹਨ ਕਿ ਬੀਜੇਪੀ ਪੰਜਾਬ ਵਿੱਚ ਸੁਨੀਲ ਜਾਖੜ ਨੂੰ ਆਪਣਾ ਸੂਬਾ ਪ੍ਰਧਾਨ ਲਗਾ ਸਕਦੀ ਹੈ।