Amritsar News: ਅੰਮ੍ਰਿਤਸਰ ਦੇ ਖੰਡ ਵਾਲਾ ਇਲਾਕੇ ਵਿੱਚ ਬੀਤੀ ਰਾਤ ਇੱਕ ਮੰਦਰ ਦੇ ਕੋਲ ਹੋਏ ਧਮਾਕੇ ਦੇ ਕਾਰਨ ਇਲਾਕੇ ਵਿੱਚ ਡਰ ਅਤੇ ਤਣਾਅ ਵਾਲਾ ਮਾਹੌਲ ਹੈ। ਇਸ ਤੋਂ ਬਾਅਦ ਵਿਰੋਧੀ ਧਿਰਾਂ ਲਗਾਤਾਰ ਪੰਜਾਬ ਸਰਕਾਰ ਨੂੰ ਕੋਸ ਰਹੀਆਂ ਹਨ ਜਦੋਂ ਕਿ ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਠੀਕ ਹੈ।
ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਬਿਆਨ ਤੋਂ ਬਾਅਦ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੀਡੀਓ ਜਾਰੀ ਕਰਕੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਬਿੱਟੂ ਨੇ ਕਿਹਾ ਕਿ ਇਹ ਕੋਈ ਪਹਿਲਾ ਧਮਾਕਾ ਨਹੀਂ ਹੈ ਪਰ ਹੁਣ ਧਾਰਮਿਕ ਥਾਵਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਇੱਥੇ ਬੱਚੇ ਅਗਵਾ ਹੋ ਰਹੇ ਹਨ ਪਰ ਮੁੱਖ ਮੰਤਰੀ ਕਹਿੰਦੇ ਹਨ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਠੀਕ ਹੈ।
ਇਸ ਮੌਕੇ ਬਿੱਟੂ ਨੇ ਕਿਹਾ ਕਿ ਪਹਿਲਾਂ ਕਦੇਂ ਗੋਲੀ ਚਲਦੀ ਹੁੰਦੀ ਸੀ ਪਰ ਹੁਣ ਤਾਂ ਸਿੱਧਾ ਗ੍ਰੈਨੇਡ ਹਮਲਾ ਹੁੰਦਾ ਹੈ, ਇਹ ਤਾਂ ਕਦੇ ਅੱਤਵਾਦ ਦੇ ਵੇਲੇ ਵੀ ਨਹੀਂ ਵਰਤੇ ਗਏ ਪਰ ਹੁਣ ਆਏ ਦਿਨ ਗ੍ਰੈਨੇਡ ਹਮਲਾ ਹੋ ਰਿਹਾ ਹੈ। ਬਿੱਟੂ ਨੇ ਸਵਾਲ ਪੁੱਛਦਿਆਂ ਕਿਹਾ ਕਿ ਜਦੋਂ ਪੰਜਾਬ ਦੇ ਹਾਲਤਾ ਬਲੋਚੀਸਤਾਨ ਵਰਗੇ ਬਣ ਗਏ ਕਿ ਉਦੋਂ ਕਾਰਵਾਈ ਕੀਤੀ ਜਾਵੇਗੀ।
ਪੰਜਾਬ ਪੁਲਿਸ ਵਿੱਚ ਧੜੇਬੰਦੀ ਦਾ ਦਾਅਵਾ
ਰਵਨੀਤ ਬਿੱਟੂ ਨੇ ਇਸ ਮੌਕੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਵਿੱਚ ਧੜੇਬੰਦੀ ਹੈ। ਇਸ ਵਿੱਚ ਇੱਕ ਧੜਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਹੈ ਤੇ ਜਦੋਂ ਕਿ ਦੂਜਾ ਧੜਾ ਦਿੱਲੀ ਵਾਲੇ ਲੀਡਰਾਂ ਦਾ ਹੈ, ਇਸ ਨੂੰ ਲੈ ਦੋਵਾਂ ਵਿੱਚ ਵੱਖਰਾ ਕਲੇਸ਼ ਚੱਲ ਰਿਹਾ ਹੈ ਜਦੋਂ ਪੁਲਿਸ ਦਾ ਸਾਰਾ ਧਿਆਨ ਧੜਿਆਂ ਵਾਲੇ ਪਾਸੇ ਰਹੇਗਾ ਤਾਂ ਉਹ ਕਿਵੇਂ ਆਪਣਾ ਕੰਮ ਕਰਨਗੇ।
ਸਕੱਤਰੇਤ ਵਿੱਚ ਕਿਉਂ ਨਹੀਂ ਜਾਂਦੇ ਮੁੱਖ ਮੰਤਰੀ
ਇਸ ਮੌਕੇ ਰਵਨੀਤ ਬਿੱਟੂ ਨੇ ਕਿਹਾ ਕਿ ਮੁੱਖ ਮੰਤਰੀ ਤਾਂ ਹੁਣ ਕਦੇ ਸਕੱਤਰੇਤ ਗਏ ਹਨ ਉਹ ਤਾਂ ਮੀਟਿੰਗ ਆਪਣੇ ਘਰ ਹੀ ਕਰਦੇ ਹਨ ਤੇ ਮੀਟਿੰਗ ਕਰਕੇ ਵਾਪਸ ਆਪਣੇ ਬੈੱਡਰੂਮ ਵਿੱਚ ਚਲੇ ਜਾਂਦੇ ਹਨ ਜਦੋਂ ਕਿ ਸਕੱਤਰੇਤ ਦੇ ਜਿੰਦਿਆਂ ਨੂੰ ਹੁਣ ਤਾਂ ਜੰਗਾਲ ਵੀ ਲੱਗ ਗਈ ਹੋਵੇਗੀ। ਅਖ਼ੀਰ ਵਿੱਚ ਬਿੱਟੂ ਨੇ ਕਿਹਾ ਕਿ ਨੀਂਦ ਤੋਂ ਜਾਗੋ ਤੇ ਲੋਕਾਂ ਨੇ ਜੋ ਮੌਕਾ ਦਿੱਤਾ ਹੈ ਉਨ੍ਹਾਂ ਲਈ ਕੰਮ ਕਰੋ, ਬਿੱਟੂ ਨੇ ਕਿਹਾ ਕਿ ਉਹ ਗ੍ਰਹਿ ਮੰਤਰਾਲੇ ਨੂੰ ਮਿਲਕੇ ਕਹਿਣਗੇ ਕਿ ਮੁੱਖ ਮੰਤਰੀ ਤੇ ਡੀਜੀਪੀ ਨੂੰ ਸੱਦੋ ਤੇ ਇਨ੍ਹਾਂ ਨੂੰ ਜਗਾਓ ਕਿਉਂਕਿ ਇਹ ਪੰਜਾਬ ਦਾ ਬਹੁਤ ਨੁਕਸਾਨ ਕਰ ਦੇਣਗੇ।