Punjab News: ਲੁਧਿਆਣਾ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ 6 ਹਜ਼ਾਰ ਬੱਚਿਆਂ ਨੂੰ ਨਸ਼ਾ ਖ਼ਤਮ ਕਰਨ ਦੀ ਸਹੁੰ ਚੁਕਾਈ। ਇਸ ਦੌਰਾਨ ਮਾਰਚ ਪਾਸਟ ਵੀ ਕੀਤਾ ਗਿਆ। ਇਸ ਮਾਰਚ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

ਮੁੱਖ ਮੰਤਰੀ ਭਗਵੰਤ ਮਾਨ ਨੇ ਜਨਤਕ ਮੰਚ ਤੋਂ ਸਪੱਸ਼ਟ ਤੌਰ 'ਤੇ ਕਿਹਾ ਕਿ ਤਸਕਰਾਂ ਵੱਲੋਂ ਲੋਕਾਂ ਦੇ ਘਰਾਂ ਨੂੰ ਤਬਾਹ ਕਰਕੇ ਬਣਾਏ ਮਹਿਲਾਂ 'ਤੇ ਦੀਵੇ ਨਹੀਂ ਜਗਾਉਣ ਦਿੱਤੇ ਜਾਣਗੇ, ਉੱਥੇ ਬੁਲਡੋਜ਼ਰ ਵਰਤੇ ਜਾਣਗੇ। ਪੰਜਾਬ ਜਲਦੀ ਹੀ ਨਸ਼ਾ ਮੁਕਤ ਹੋ ਜਾਵੇਗਾ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿੱਚ ਨਸ਼ਿਆਂ ਲਈ ਪਿਛਲੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ। ਇਸ ਮੌਕੇ ਭਗਵੰਤ ਮਾਨ ਨੇ 6 ਹਜ਼ਾਰ ਬੱਚਿਆਂ ਨੂੰ ਨਸ਼ਾ ਖ਼ਤਮ ਕਰਨ ਦੀ ਸਹੁੰ ਚੁਕਾਈ ਜਿਸ ਦੀ ਵੀਡੀਓ ਵੀ ਸਾਂਝੀ ਕੀਤੀ ਹੈ।

ਭਗਵੰਤ ਮਾਨ ਨੇ ਸੋਸ਼ਲ ਮੀਡੀਆ ਉੱਤੇ ਵੀਡੀਓ ਸਾਂਝੀ ਕਰਦਿਆਂ ਲਿਖਿਆ, ਅੱਜ ਲੁਧਿਆਣਾ ਵਿਖੇ ਪੰਜਾਬ ਦੀ ਪਵਿੱਤਰ ਧਰਤੀ ਤੋਂ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਕੂਲੀ ਬੱਚਿਆਂ, NCC ਕੈਡਿਟ ਦੇ ਬੱਚਿਆਂ ਤੇ ਆਮ ਲੋਕਾਂ ਨੂੰ ਸਹੁੰ ਚੁਕਾਈ। ਆਓ, ਨਸ਼ਿਆਂ ਦੇ ਖ਼ਾਤਮੇ ਲਈ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦਾ ਹਿੱਸਾ ਬਣੀਏ ਤੇ ਰਲ਼-ਮਿਲ ਕੇ ਇਸ ਨੂੰ ਕਾਮਯਾਬ ਕਰੀਏ।

ਭਗਵੰਤ ਮਾਨ ਨੇ ਸਹੁੰ ਚੁਕਵਾਉਂਦਿਆ ਕਿਹਾ, ਮੈਂ ਪੰਜਾਬ ਦੀ ਧਰਤੀ ਦਾ ਸੱਚਾ ਪੁੱਤਰ ਹਾਂ, ਅੱਜ ਮੈਂ ਪੰਜਾਬ ਦੀ ਮਿੱਟੀ ਦੀ ਸਹੁੰ ਖਾਂਦਾ ਹਾਂ ਕਿ ਮੈਂ ਕਦੇ ਨਸ਼ਾ ਨਹੀਂ ਕਰਾਂਗਾ, ਮੈਂ ਆਪਣੇ ਦੋਸਤਾ, ਸਮਾਜ ਤੇ ਪਰਿਵਾਰ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੀ ਪੂਰੀ ਕੋਸ਼ਿਸ਼ ਕਰਾਂਗਾ, ਮੈਂ ਜਿੱਥੇ ਵੀ ਨਸ਼ਾ ਵਿਕਦਾ ਦੇਖਾਂਗਾ, ਆਪਣਾ ਆਵਾਜ਼ ਚੱਕਾਂਗਾ, ਮੈਂ ਡਰਾਂਗਾ ਨਹੀਂ ਕਿਉਂਕਿ ਇਸ ਯੁੱਧ ਵਿੱਚ ਰੱਬ ਮੇਰੇ ਨਾਲ ਹੈ, ਮੈਂ ਨਸ਼ਾ ਨਹੀਂ ਸਿੱਖਿਆ ਚੁਣਾਂਗਾ, ਮੈਂ ਬਰਬਾਦੀ ਨਹੀਂ ਤਰੱਕੀ ਚੁਣਾਂਗਾ, ਮੈਂ ਚੁੱਪ ਨਹੀਂ ਇਨਕਲਾਬ ਚੁਣਾਂਗਾ, ਮੈਂ ਵਾਅਦਾ ਕਰਦਾ ਹਾਂ ਜਦੋਂ ਤੱਕ ਪੰਜਾਬ ਨਸ਼ਾ ਮੁਕਤ ਨਹੀਂ ਹੋ ਜਾਂਦਾ ਮੈਂ ਸ਼ਾਂਤੀ ਨਾਲ ਨਹੀਂ ਬੈਠਾਂਗਾ