Punjab News: ਪੰਜਾਬ ਦੀ ਸਿਆਸਤ ਵਿੱਚ ਇਸ ਵੇਲੇ ਜੰਗ-ਏ-ਆਜ਼ਾਦੀ ਦਾ ਮਾਮਲਾ ਪੂਰਾ ਗਰਮਾਇਆ ਹੋਇਆ ਹੈ। ਪੰਜਾਬ ਸਰਕਾਰ ਲਗਾਤਾਰ ਇਸ ਦੌਰਾਨ ਹੋਏ ਘਪਲੇ ਦੀ ਗੱਲ ਕਹਿ ਰਹੀ ਹੈ ਪਰ ਵਿਰੋਧੀ ਲਗਾਤਾਰ ਇਸ ਨੂੰ ਮੀਡੀਆ ਉੱਤੇ ਹਮਲਾ ਕਰਾਰ ਦੇ ਰਹੇ ਹਨ।


ਇਸ ਬਾਬਤ ਮੁੱਖ ਮੰਤਰੀ ਨੇ ਟਵੀਟ ਕਰਦਿਆਂ ਕਿਹਾ, ਸ਼ਹੀਦਾਂ ਦੀ ਯਾਦਗਾਰ “ ਜੰਗ -ਏ-ਅਜ਼ਾਦੀ” ਨਾਮ ਦੀ ਇੱਕ ਬਿਲਡਿੰਗ ਬਣਾਉਣ ਚ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਸੰਬੰਧੀ ਵਿਜੀਲੈਂਸ ਜਾਂਚ ਲਈ ਰਸੂਖਦਾਰ ਨੂੰ ਬੁਲਾ ਰਹੀ ਐ..ਇਹ ਮੀਡੀਆ ਤੇ ਹਮਲਾ ਕਿਵੇਂ ਹੋ ਗਿਆ? 200 ਕਰੋੜ ਦਾ ਹਿਸਾਬ ਐ ਜੀ ..ਕੀ ਪੈਸਾ ਮੀਡੀਆ ਦੇ ਨਾਮ ਜਾਰੀ ਹੋਇਆ ਸੀ ? ਅਖਬਾਰ ਦਾ ਕੀ ਲੈਣਾ ਦੇਣਾ ?  “ਹਮਦਰਦਾਂ “ ਦੇ ਪੈਰੀਂ ਪੈ ਕੇ ਆਪਣੇ ਭੇਤ ਨਾ ਛਪਾਉਣ ਵਾਲੇ ਹੋਰ ਹੋਣਗੇ..ਮੈਂ ਪੰਜਾਬ ਦੇ ਲੋਕਾਂ ਦੇ ਇੱਕ ਇੱਕ ਪੈਸੇ ਦਾ ਹਿਸਾਬ ਲਵਾਂਗਾ..ਭਾਂਵੇ ਕੋਈ “ਹਮਦਰਦ ਹੋਵੇ -ਸਿਰਦਰਦ ਜਾਂ ਬੇਦਰਦ ਹੋਵੇ ਪਰ ਬੇਪਰਦ ਜ਼ਰੂਰ ਹੋਵੇਗਾ.."






ਜ਼ਿਕਰ ਕਰ ਦਈਏ ਕਿ  ਕਰਤਾਰਪੁਰ ਵਿਖੇ ਬਣੀ ਜੰਗ-ਏ-ਆਜ਼ਾਦੀ ਯਾਦਗਾਰ ਨੂੰ ਲੈ ਕੇ ਸ਼ੁੱਕਰਵਾਰ ਨੂੰ ਵਿਜੀਲੈਂਸ ਨੇ ਬਰਜਿੰਦਰ ਸਿੰਘ ਹਮਦਰਦ ਨੂੰ ਤਲਬ ਕੀਤਾ ਸੀ ਪਰ ਹਮਦਰਦ ਜਲੰਧਰ ਸਥਿਤ ਵਿਜੀਲੈਂਸ ਦਫ਼ਤਰ ਵਿਚ ਪੇਸ਼ ਨਹੀਂ ਹੋਏ। ਉਨ੍ਹਾਂ ਨੇ ਵਿਜੀਲੈਂਸ ਵਲੋਂ ਪੇਸ਼ 17 ਸਵਾਲਾਂ ਦੀ ਸੂਚੀ ਦੇ ਜਵਾਬ ਅਪਣੇ ਵਕੀਲ ਰਾਹੀਂ ਭੇਜੇ। ਇਸ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਵਿਜੀਲੈਂਸ ਅਧਿਕਾਰੀਆਂ ਨੇ ਹਮਦਰਦ ਵਲੋਂ ਭੇਜੇ ਇਨ੍ਹਾਂ ਜਵਾਬਾਂ ’ਤੇ ਅਸੰਤੁਸ਼ਟੀ ਪ੍ਰਗਟਾਈ ਹੈ। ਕਿਹਾ ਜਾ ਰਿਹਾ ਹੈ ਕਿ ਜਵਾਬ ਤਸੱਲੀਬਖ਼ਸ਼ ਨਾ ਹੋਣ ਕਾਰਨ ਵਿਜੀਲੈਂਸ ਅਧਿਕਾਰੀਆਂ ਨੇ ਉਸ ਨੂੰ ਮੁੜ ਨੋਟਿਸ ਜਾਰੀ ਕਰਨ ਦੀ ਤਿਆਰੀ ਸ਼ੁਰੂ ਕਰ ਦਿਤੀ ਹੈ


ਇਸ ਮਾਮਲੇ ਉੱਤੇ ਲਗਾਤਾਰ ਵਿਰੋਧੀ ਧਿਰਾਂ ਪੰਜਾਬ ਸਰਕਾਰ ਉੱਤੇ ਨਿਸ਼ਾਨਾ ਸਾਧ ਰਹੀਆਂ ਹਨ। ਇਸ ਮਾਮਲੇ ਨੂੰ ਲੈ ਕੇ ਪੰਜਾਬ ਦੀਆਂ ਵਿਰੋਧੀ ਧਿਰਾਂ ਇਕੱਠੀਆਂ ਵੀ ਹੋਈਆਂ ਸਨ ਤੇ ਇਸ ਨੂੰ ਪੰਜਾਬ ਦੇ ਮੀਡੀਆ ਉੱਤੇ ਹਮਲਾ ਕਰਾਰ ਦਿੱਤਾ ਗਿਆ ਹੈ।