IAS Officer Resigns: ਲੋਕ ਸਭਾ ਚੋਣਾਂ ਵਿਚਾਲੇ ਆਈਏਐਸ ਪਰਮਪਾਲ ਕੌਰ, ਜਿਨ੍ਹਾਂ ਨੇ ਹਾਲ ਹੀ ਵਿੱਚ ਅਸਤੀਫ਼ਾ ਦੇ ਦਿੱਤਾ ਸੀ, ਪਰ ਹਾਲੇ ਤੱਕ ਮੁੱਖ ਮੰਤਰੀ ਭਗਵੰਤ ਮਾਨ ਦੀ ਮਨਜ਼ੂਰੀ ਨਹੀਂ ਮਿਲੀ ਹੈ, ਇੱਕ ਹੋਰ ਆਈਏਐਸ ਨੇ ਅਸਤੀਫ਼ਾ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਭੇਜ ਦਿੱਤਾ ਹੈ। ਕਰਨੈਲ ਸਿੰਘ, ਜਿਨ੍ਹਾਂ ਨੂੰ 30 ਜਨਵਰੀ ਨੂੰ ਕਪੂਰਥਲਾ ਦੇ ਡੀਸੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਉਨ੍ਹਾਂ ਨੂੰ ਅਜੇ ਤੱਕ ਕੋਈ ਪੋਸਟਿੰਗ ਨਹੀਂ ਦਿੱਤੀ ਗਈ ਸੀ, ਜਿਸ ਕਾਰਨ ਦੱਸਿਆ ਜਾ ਰਿਹੈ ਕਿ ਉਹ ਨਾਰਾਜ਼ ਸਨ। ਭਾਵੇਂ ਉਨ੍ਹਾਂ ਨੇ ਆਪਣੇ ਅਸਤੀਫ਼ੇ ਵਿੱਚ ਅਜਿਹੀ ਕੋਈ ਨਾਰਾਜ਼ਗੀ ਜ਼ਾਹਰ ਨਹੀਂ ਕੀਤੀ ਹੈ ਪਰ ਉਨ੍ਹਾਂ ਦੇ ਨਜ਼ਦੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਪਿਛਲੇ ਢਾਈ ਮਹੀਨਿਆਂ ਤੋਂ ਖਾਲੀ ਪਈ ਨੌਕਰੀ ਤੋਂ ਬੋਰ ਹੋ ਗਏ ਹਨ, ਇਸ ਲਈ ਉਨ੍ਹਾਂ ਨੇ ਅਸਤੀਫ਼ਾ ਦਿੱਤਾ ਹੈ।


ਕਰਨੈਲ ਸਿੰਘ 30 ਸਤੰਬਰ ਨੂੰ ਸੇਵਾਮੁਕਤ ਹੋ ਰਹੇ ਹਨ
ਜਾਗਰਣ ਵਿਚ ਛਪੀ ਖਬਰ ਮੁਤਾਬਕ ਉਨ੍ਹਾਂ ਆਪਣੇ ਅਸਤੀਫੇ ਦੀ ਪੁਸ਼ਟੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ ਪਰ ਪਿਛਲੇ ਦੋ ਮਹੀਨਿਆਂ ਤੋਂ ਉਨ੍ਹਾਂ ਨੂੰ ਕੋਈ ਪੋਸਟਿੰਗ ਨਹੀਂ ਮਿਲ ਰਹੀ ਸੀ ਅਤੇ ਸੇਵਾ ਵਿੱਚ ਸਿਰਫ਼ ਪੰਜ ਮਹੀਨੇ ਹੀ ਰਹਿ ਗਏ ਸਨ, ਇਸ ਲਈ ਉਨ੍ਹਾਂ ਨੇ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਲਈ ਅਰਜ਼ੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਅੱਜ ਮੁੱਖ ਸਕੱਤਰ ਨੂੰ ਪੱਤਰ ਲਿਖਿਆ ਹੈ।


ਵੱਖ-ਵੱਖ ਅਹੁਦਿਆਂ 'ਤੇ ਕੰਮ ਕਰ ਚੁੱਕੇ ਹਨ ਕਰਨੈਲ ਸਿੰਘ 
ਕਰਨੈਲ ਸਿੰਘ ਵੱਖ-ਵੱਖ ਅਹੁਦਿਆਂ 'ਤੇ ਕੰਮ ਕਰ ਚੁੱਕੇ ਹਨ ਅਤੇ ਉਨ੍ਹਾਂ ਦੀ ਨਿਯੁਕਤੀ ਸਾਬਕਾ ਮੁੱਖ ਸਕੱਤਰ ਵੀ ਕੇ ਜੰਜੂਆ ਨੇ ਕੀਤੀ ਸੀ। ਬਾਅਦ ਵਿੱਚ ਉਨ੍ਹਾਂ ਨੂੰ ਕਪੂਰਥਲਾ ਵਿੱਚ ਡਿਪਟੀ ਕਮਿਸ਼ਨਰ ਵੀ ਨਿਯੁਕਤ ਕੀਤਾ ਗਿਆ ਸੀ ਪਰ ਜਦੋਂ ਉਨ੍ਹਾਂ ਨੂੰ 30 ਜਨਵਰੀ ਨੂੰ ਉੱਥੋਂ ਹਟਾ ਦਿੱਤਾ ਗਿਆ ਤਾਂ ਉਨ੍ਹਾਂ ਨੂੰ ਕੋਈ ਤਾਇਨਾਤੀ ਨਹੀਂ ਦਿੱਤੀ ਗਈ। ਉਨ੍ਹਾਂ ਤੋਂ ਇਲਾਵਾ ਦੋ ਹੋਰ ਅਧਿਕਾਰੀ ਰਾਜੀਵ ਪਰਾਸ਼ਰ ਅਤੇ ਰਾਹੁਲ ਭੰਡਾਰੀ ਹਨ, ਜਿਨ੍ਹਾਂ ਨੂੰ ਸਰਕਾਰ ਨੇ ਲਟਕਾਇਆ ਹੋਇਆ ਹੈ। ਇਸ ਤੋਂ ਪਹਿਲਾਂ ਵੀ ਕਈ ਸੀਨੀਅਰ ਅਧਿਕਾਰੀਆਂ ਨੂੰ ਚਾਰ ਮਹੀਨਿਆਂ ਤੋਂ ਪੋਸਟਿੰਗ ਨਹੀਂ ਦਿੱਤੀ ਗਈ ਸੀ, ਜਿਨ੍ਹਾਂ ਵਿੱਚ ਅਜੇ ਸ਼ਰਮਾ, ਨੀਲਕੰਠ, ਡੀਕੇ ਤਿਵਾੜੀ ਆਦਿ ਵੀ ਪ੍ਰਮੁੱਖ ਹਨ।


ਪਿਛਲੇ ਹਫ਼ਤੇ ਹੀ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਆਈਏਐਸ ਅਧਿਕਾਰੀ ਪਰਮਪਾਲ ਕੌਰ ਨੇ ਅਸਤੀਫ਼ਾ ਦੇ ਦਿੱਤਾ ਸੀ, ਜਿਸ ’ਤੇ ਮੁੱਖ ਮੰਤਰੀ ਨੇ ਦਸਤਖ਼ਤ ਨਹੀਂ ਕੀਤੇ ਹਨ। ਮੁੱਖ ਮੰਤਰੀ ਦੇ ਦਸਤਖਤ ਤੋਂ ਬਾਅਦ ਹੀ ਇਹ ਮਨਜ਼ੂਰੀ ਲਈ ਕੇਂਦਰੀ ਪ੍ਰਸੋਨਲ ਵਿਭਾਗ ਕੋਲ ਜਾਵੇਗਾ। ਪਰਮਪਾਲ ਕੌਰ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਹਨ ਅਤੇ ਦੱਸਿਆ ਜਾ ਰਿਹਾ ਕਿ ਭਾਜਪਾ ਉਨ੍ਹਾਂ ਨੂੰ ਬਠਿੰਡਾ ਤੋਂ ਟਿਕਟ ਦੇ ਸਕਦੀ ਹੈ।