ਸ਼ੰਕਰ ਦਾਸ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ ਕਾਂਗਰਸ (Punjab Congress) ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Warring) ਦੀ ਅਗਵਾਈ ਹੇਠ ਪ੍ਰਦੇਸ਼ ਕਾਂਗਰਸ ਦਾ ਇੱਕ ਵਫਦ ਅੱਜ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਨੂੰ ਲੈ ਕੇ ਰਾਜ ਭਵਨ ਵਿਖੇ ਪੰਜਾਬ ਦੇ ਰਾਜਪਾਲ ਨੂੰ ਮਿਲਿਆ ਹੈ। ਇਸ ਵਫ਼ਦ ਵਿੱਚ ਸੀਐਲਪੀ ਆਗੂ ਪ੍ਰਤਾਪ ਸਿੰਘ ਬਾਜਵਾ, ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ, ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਤੇ ਕੁਲਜੀਤ ਸਿੰਘ ਨਾਗਰਾ ਸ਼ਾਮਲ ਹਨ।
ਇਸ ਮੌਕੇ ਰਾਜਾ ਵੜਿੰਗ ਨੇ ਕਿਹਾ ਕਿ ਅੱਜ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮੁੱਦੇ 'ਤੇ ਪੰਜਾਬ ਦੇ ਰਾਜਪਾਲ ਨਾਲ ਗੱਲਬਾਤ ਹੋਈ ਹੈ। ਉਨ੍ਹਾਂ ਨੂੰ ਦੱਸਿਆ ਹੈ ਕਿ ਪੰਜਾਬ ਵਿੱਚ ਕਾਨੂੰਨ ਦਾ ਕੀ ਹਾਲ ਹੈ। ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਡੀਜੀਪੀ ਪੰਜਾਬ ਤੇ ਮੁੱਖ ਮੰਤਰੀ ਪੰਜਾਬ ਸਹੀ ਢੰਗ ਨਾਲ ਕੰਮ ਕਰਦੇ ਤਾਂ ਸਿੱਧੂ ਮੂਸੇਵਾਲਾ ਦੀ ਜਾਨ ਬਚ ਸਕਦੀ ਸੀ। ਰਾਜਾ ਵੜਿੰਗ ਨੇ ਕਿਹਾ ਕਿ ਜਦੋਂ ਸ਼ਾਹਰੁਖ ਖਾਨ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਕਿਵੇਂ ਸਿੱਧੂ ਮੂਸੇਵਾਲਾ ਦੀ ਰੇਕੀ ਕੀਤੀ ਗਈ। ਉਨ੍ਹਾਂ ਕਿਹਾ ਕਿ ਸ਼ਾਹਰੁਖ ਖਾਨ ਨਾਮ ਦੇ ਵਿਅਕਤੀ ਕੋਲ ਹਥਿਆਰ ਨਹੀਂ ਸਨ ਤੇ ਸਿੱਧੂ ਦੀ ਸਿਕਾਊਟੀ ਕੋਲ ਵੱਡੇ ਹਥਿਆਰ ਸਨ।
ਜੇਕਰ ਤੁਸੀਂ ਕਿਸੇ ਤੋਂ ਸੁਰੱਖਿਆ ਵਾਪਸ ਲੈ ਲੈਂਦੇ ਹੋ ਤਾਂ ਇਸ ਨੂੰ ਜਨਤਕ ਤੌਰ 'ਤੇ ਸਾਂਝਾ ਨਹੀਂ ਕੀਤਾ ਜਾਂਦਾ ਹੈ ਤੇ ਜਿਨ੍ਹਾਂ ਨੇ ਇਹ ਜਾਣਕਾਰੀ ਲੀਕ ਕੀਤੀ ਹੈ, ਉਨ੍ਹਾਂ ਖਿਲਾਫ਼ ਕਾਰਵਾਈ ਹੋਵੇ ਤਾਂ ਫ਼ਿਰ ਉਹ ਚਾਹੇ ਪੰਜਾਬ ਦਾ ਮੁੱਖ ਮੰਤਰੀ ਹੋਵੇ, ਜਿਨ੍ਹਾਂ ਨੇ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ 'ਤੇ ਪਾਈ ਹੈ।
ਇਸ ਮੌਕੇ ਪ੍ਰਤਾਪ ਬਾਜਵਾ ਨੇ ਕਿਹਾ ਕਿ ਕੇਜਰੀਵਾਲ ਤੇ ਉਸ ਦੇ ਲੋਕਾਂ ਨੂੰ ਕਿਵੇਂ ਸੁਰੱਖਿਆ ਦਿੱਤੀ ਗਈ ਹੈ ਜਦੋਂਕਿ ਅੱਜ ਤੱਕ ਹੋਰ ਲੋਕਾਂ ਨੂੰ ਸੁਰੱਖਿਆ ਨਹੀਂ ਮਿਲੀ। ਬਾਜਵਾ ਨੇ ਕਿਹਾ ਕਿ ਜਿੰਨੇ ਵੀ ਕੰਮ ਹੋ ਰਹੇ ਹਨ, ਸਾਰਿਆਂ ਉਪਰ ਕਿਹਾ ਜਾਂਦਾ ਹੈ, ਬਾਹਰਲੇ ਲੋਕ ਸ਼ਾਮਲ ਹਨ, ਜੇਕਰ ਅਜਿਹਾ ਹੈ ਤਾਂ ਕੀ ਪੰਜਾਬ ਸਰਕਾਰ ਨੇ ਇਨ੍ਹਾਂ ਲੋਕਾਂ ਨੂੰ ਬਾਹਰੋਂ ਲਿਆਉਣ ਲਈ ਹੁਣ ਤੱਕ ਕੋਈ ਕੰਮ ਕੀਤਾ ਹੈ?
ਉਨ੍ਹਾਂ ਕਿਹਾ ਕਿ ਇਸ ਕੰਮ ਵਿੱਚ ਜੋ ਅਸਲਾ ਵਰਤਿਆ ਗਿਆ, ਉਹ ਸਾਡੀ ਸੁਰੱਖਿਆ ਫੋਰਸ ਕੋਲ ਹੈ। ਇਸ ਲਈ ਸੀਬੀਆਈ ਜਾਂ NIA ਇਸ ਦੀ ਜਾਂਚ ਕਰੇ। ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਕੰਮ ਵਿੱਚ ਕੋਈ ਗੰਭੀਰਤਾ ਨਜ਼ਰ ਨਹੀਂ ਆ ਰਹੀ। ਬਾਜਵਾ ਨੇ ਕਿਹਾ ਦਿੱਲੀ ਦੇ ਲੋਕ ਸਰਕਾਰ ਚਲਾ ਰਹੇ ਹਨ। ਸਰਕਾਰ ਉਨ੍ਹਾਂ ਦੇ ਹੱਥ ਵਿੱਚ ਹੈ, ਜਿਨ੍ਹਾਂ ਨੇ ਕਦੇ ਕੰਮ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਜੇਕਰ ਅਜਿਹੀਆਂ ਘਟਨਾਵਾਂ ਇਸੇ ਤਰ੍ਹਾਂ ਹੁੰਦੀਆਂ ਰਹੀਆਂ ਤਾਂ ਇਸ ਸਰਕਾਰ ਨੂੰ ਬਰਖਾਸਤ ਕਰ ਦੇਣਾ ਚਾਹੀਦਾ ਹੈ। ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਅਮਰੀਕਾ ਤੋਂ ਇੰਡੀਆ ਬੁਲਾਏ ਤਾਂ ਕਿ ਭਗਵੰਤ ਮਾਨ ਨੂੰ ਇਹ ਚਿੰਤਾ ਹੋ ਜਾਵੇ ਕਿ ਉਨ੍ਹਾਂ ਦਾ ਪਰਿਵਾਰ ਵੀ ਇਸੇ ਪੰਜਾਬ ਵਿੱਚ ਹੈ। ਜੇਕਰ ਕਿਸੇ ਨੂੰ ਸੁਰੱਖਿਆ ਦੇ ਨਾਂ 'ਤੇ ਜਲੀਲ ਕੀਤਾ ਜਾਵੇਗਾ ਤਾਂ ਉਹ ਵਿਅਕਤੀ ਅਜਿਹਾ ਹੀ ਕਰੇਗਾ।