Balkaur singh Sidhu: ਪੰਜਾਬੀ ਗਾਇਕ ਸੁਭਦੀਪ ਸਿੱਧੂ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਅੱਜ ਘਰ ਘਰ ਪਹੁੰਚੇ ਲੋਕਾਂ ਨੂੰ ਸੰਬੋਧਨ ਕਰਦਿਆਂ ਆਪਣੇ ਪੁੱਤਰ ਨੂੰ ਇਨਸਾਫ਼ ਮਿਲਣ ਨੂੰ ਲੈ ਕੇ ਸਰਕਾਰ 'ਤੇ ਵੱਡੇ ਸਵਾਲ ਖੜ੍ਹੇ ਕੀਤੇ।
ਇਸ ਮੌਕੇ ਬਲਕੌਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਸਾਬਕਾ ਆਈਪੀਐਸ ਪੰਜਾਬ ਦੇ ਹਲਾਤਾਂ ਨੂੰ ਚੰਗੀ ਤਰ੍ਹਾਂ ਨਾਲ ਬਿਆਨ ਕਰ ਰਹੇ ਹਨ। ਜੇ ਉਹ ਵੀ ਸਰਕਾਰ ਨੂੰ ਕਾਨੂੰਨ ਵਿਵਸਥਾ ਉੱਤੇ ਸ਼ੀਸ਼ਾ ਦਿਖਾਉਂਦੇ ਹਨ ਤਾਂ ਇਸ ਬਾਰੇ ਮੁੱਖ ਮੰਤਰੀ ਦੇ ਬਿਆਨ ਦੇ ਕੋਈ ਜ਼ਰੂਰਤ ਨਹੀਂ ਰਹਿੰਦੀ। ਉਨ੍ਹਾਂ ਕਿਹਾ ਕਿ ਉਹ ਆਪ ਮੰਨ ਰਹੇ ਹਨ ਕਿ ਅੱਧੀ ਪੁਲਿਸ ਗੈਂਗਸਟਰਾਂ ਨਾਲ ਮਿਲੀ ਹੋਈ ਹੈ। ਗੈਂਗਸਟਰਾਂ ਤੋਂ ਪੈਸੇ ਲੈਂਦੇ ਹਨ। ਬਲਕੌਰ ਸਿੰਘ ਨੇ ਕਿਹਾ ਕਿ ਸਾਡੇ ਰਾਖੇ ਹੀ ਵਿਕਾਊ ਹੋ ਗਏ ਹਨ। ਸਰਕਾਰ ਇਸ ਬਾਰੇ ਕੁਝ ਕਿਉਂ ਨਹੀਂ ਕਰਦੀ।
ਇਸ ਮੌਕੇ ਬਲਕੌਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਪਰਚਿਆਂ ਦੀ ਗਿਣਤੀ ਦੱਸ ਰਹੇ ਹਨ ਕਿ ਇਨ੍ਹੇਂ ਬੰਦਿਆਂ ਉੱਤੇ ਪਰਚੇ ਕੀਤੀ ਗਏ ਹਨ ਪਰ ਉਹ ਇਹ ਨਹੀਂ ਦੱਸ ਰਹੇ ਕਿ ਜੁਰਮ ਕਿੰਨਾ ਘਟਿਆ ਹੈ। ਉਨ੍ਹਾਂ ਕਿਹਾ ਕਿ ਪਰਚੇ ਤਾਂ ਘਟਾ ਵੀ ਲਏ ਜਾਂਦੇ ਨੇ ਤੇ ਵਧਾ ਵੀ ਲਏ ਜਾਂਦੇ ਹਨ ਪਰ ਜ਼ਮੀਨੀ ਪੱਧਰ ਉੱਤੇ ਹਲਾਤ ਇੱਕੋ ਜਿਹੇ ਹਨ। ਪੰਜਾਬ ਵਿੱਚ ਜੁਰਮ ਲਗਾਤਾਰ ਹੋ ਰਿਹਾ ਹੈ।
ਇਸ ਮੌਕੇ ਉਨ੍ਹਾਂ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਸਾਂਭਣ ਵਾਲੇ ਪੁਲਿਸ ਅਧਿਕਾਰੀਆਂ ਬਾਰੇ ਕਿਹਾ ਕਿਹਾ ਕਿ 90 ਫ਼ੀਸਦੀ ਪੁਲਿਸ ਅਧਿਕਾਰੀਆਂ ਦੇ ਬੱਚੇ ਵਿਦੇਸ਼ਾਂ ਵਿੱਚ ਰਹਿ ਰਹੇ ਹਨ ਤਾਂ ਫਿਰ ਕੀ ਪੰਜਾਬ ਵਿੱਚ ਮਰਵਾਉਣ ਲਈ ਆਮ ਲੋਕਾਂ ਦੇ ਜਵਾਕ ਹੀ ਰਹਿ ਗਏ ਹਨ। ਉਨ੍ਹਾਂ ਭਰੇ ਮਨ ਨਾਲ ਕਿਹਾ ਕਿ ਜਾਂ ਤਾਂ ਫਿਰ ਪੰਜਾਬ ਦੇ ਲੋਕ ਵੀ ਜ਼ਮੀਨਾਂ ਵੇਚ ਕੇ ਬਾਹਰ ਚਲੇ ਜਾਣ ਕਿਉਂ ਕਿ ਇੱਥੇ ਆਮ ਲੋਕਾਂ ਦੇ ਪਰਿਵਾਰ ਤਬਾਹ ਹੋ ਰਹੇ ਹਨ।
ਇਸ ਮੌਕੇ ਉਨ੍ਹਾਂ ਨੇ ਲਾਰੈਂਸ ਬਿਸ਼ਨੋਈ ਬਾਰੇ ਕਿਹਾ ਕਿ ਉਹ ਗੁੰਡਾ ਪੂਰੇ ਪੁਲਿਸ ਦੇ ਲਸ਼ਕਰ ਨਾਲ ਚਲਦਾ ਹੈ। ਉਹ ਐਨਕਾ ਲਾ ਕੇ ਪੁਲਿਸ ਵਿਚਾਲੇ ਘੁੰਮਦਾ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਦੂਜੇ ਕੈਦੀਆਂ ਵਾਂਗ ਕਿਉਂ ਨਹੀਂ ਰੱਖਿਆ ਜਾਂਦਾ। ਪੁਲਿਸ ਤੇ ਸਰਕਾਰ ਉਸ ਨੂੰ ਕਿਉਂ ਪ੍ਰਚਾਰ ਰਹੀ ਹੈ।
ਬਲਕੌਰ ਸਿੰਘ ਨੇ ਕਿਹਾ ਕਿ ਗਾਇਕ ਉਨ੍ਹਾਂ ਬਦਮਾਸ਼ਾਂ ਉੱਤੇ ਗਾਣੇ ਗਾ ਰਹੇ ਹਨ ਤੇ ਸਰਕਾਰ ਵੀ ਉਨ੍ਹਾਂ ਦਾ ਪ੍ਰਚਾਰ ਕਰ ਰਹੀ ਹੈ ਪਰ ਜਦੋਂ ਉਨ੍ਹਾਂ ਦੇ ਪੁੱਤ ਨੇ ਗਾਣੇ ਵਿੱਚ ਹਥਿਆਰਾਂ ਦਾ ਨਾਂਅ ਲਿਆ ਸੀ ਤਾਂ ਉਸ ਉੱਤੇ ਲਗਾਤਾਰ ਪਰਚੇ ਕੀਤੇ ਗਏ ਸਨ। ਬਲਕੌਰ ਸਿੰਘ ਨੇ ਕਿਹਾ ਕਿ ਗੈਂਗਸਟਰ ਹੁਣ ਗੋਲੀਆਂ ਨਾਲ ਨਹੀਂ ਸਗੋਂ ਸਿਰੰਜਾਂ ਨਾਲ ਵੀ ਨੌਜਵਾਨਾਂ ਨੂੰ ਮਾਰ ਰਹੇ ਹਨ। ਉਨ੍ਹਾਂ ਗਵਰਨਰ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਪੰਜਾਬ ਦਾ ਹਰ ਪੰਜਵਾਂ ਬੰਦਾ ਨਸ਼ੇ ਦਾ ਆਦੀ ਹੈ। ਸਰਕਾਰ ਦੀਆਂ ਨਲਾਇਕੀਆਂ ਕਾਰਨ ਘਰਾਂ ਨੂੰ ਜਿੰਦੇ ਲੱਗ ਰਹੇ ਹਨ।
ਇਸ ਮੌਕੇ ਬਲਕੌਰ ਸਿੰਘ ਭਾਵੁਕ ਹੁੰਦਿਆਂ ਕਿਹਾ ਕਿ ਜੇ ਸਰਕਾਰ ਅਜੇ ਵੀ ਇਨਸਾਫ਼ ਨਹੀਂ ਦਿੰਦੀ ਤਾਂ ਉਹ ਆਪਣੇ ਪੁੱਤ ਦੇ ਖ਼ੂਨ ਨਾਲ ਭਿੱਜੇ ਕੱਪੜੇ ਪਾ ਕੇ ਪੇਸ਼ੀਆਂ ਤੇ ਬਜ਼ਾਰਾਂ ਵਿੱਚ ਪਾ ਕੇ ਜਾਣਗੇ ਅਤੇ ਇਨਸਾਫ਼ ਦੀ ਮੰਗ ਕਰਨਗੇ। ਇਸ ਮੌਕੇ ਉਨ੍ਹਾਂ ਗੁੱਸੇ ਵਿੱਚ ਕਿਹਾ ਕਿ ਸਰਕਾਰ ਇਨਸਾਫ਼ ਦੇਣ ਥਾਂ ਉਨ੍ਹਾਂ ਦਾ ਜਲੂਸ ਕੱਢ ਰਹੀ ਹੈ।