ਪ੍ਰਭਜੋਤ ਕੌਰ ਦੀ ਰਿਪੋਰਟ
Navjot Sidhu: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਲੀਡਰ ਨਵਜੋਤ ਸਿੰਘ ਸਿੱਧੂ ਨੇ ਜੇ ਇੱਕ ਗਲਤੀ ਨਾ ਕੀਤੀ ਹੁੰਦੀ ਤਾਂ ਉਹ ਅੱਜ ਪੰਜਾਬ ਦੇ ਮੁੱਖ ਮੰਤਰੀ ਬਣ ਗਏ ਹੁੰਦੇ। ਇਸ ਦਾ ਖੁਲਾਸਾ ਸੀਐਮ ਭਗਵੰਤ ਮਾਨ ਵੱਲੋਂ ਕੀਤਾ ਗਿਆ। ਇੱਕ ਨੈਸ਼ਨਲ ਚੈਨਲ ਨੂੰ ਦਿੱਤੀ ਇੰਟਰਵੀਊ ਵਿੱਚ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਦੋ ਸਾਲ ਪਹਿਲਾਂ ਨਵਜੋਤ ਸਿੰਘ ਸਿੱਧੂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ ਸੀ।
ਸੀਐਮ ਮਾਨ ਨੇ ਕਿਹਾ ਕਿ ਉਦੋਂ ਮੈਂ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਕਿਹਾ ਸੀ ਕਿ ਜੇਕਰ ਨਵਜੋਤ ਸਿੰਘ ਸਿੱਧੂ ਸਾਡੀ ਪਾਰਟੀ 'ਚ ਆ ਜਾਂਦੇ ਹਨ ਤਾਂ ਅਸੀਂ ਉਹਨਾਂ ਨੂੰ ਆਪਣੀ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਬਣਾ ਸਕਦੇ ਹਾਂ। ਮਾਨ ਨੇ ਕਿਹਾ ਕਿ ਪਰ ਨਵਜੋਤ ਸਿੰਘ ਸਿੱਧੂ ਨੇ ਉਹਨਾਂ ਦੀ ਇਹ ਪੇਸ਼ਕਸ਼ ਠੁਕਰਾ ਦਿੱਤੀ ਸੀ।
ਭਗਵੰਤ ਮਾਨ ਨੇ ਕਿਹਾ ਕਿ ਜੇਕਰ ਉਦੋਂ ਨਵਜੋਤ ਸਿੰਘ ਸਿੱਧੂ ਸਾਡੇ ਨਾਲ ਮਿਲ ਜਾਂਦੇ, ਸਾਡੀ ਪਾਰਟੀ ਵਿੱਚ ਸ਼ਾਮਲ ਹੋ ਜਾਂਦੇ ਤਾਂ ਉਹ ਅੱਜ ਮੇਰੀ ਜਗ੍ਹਾ ਮੁੱਖ ਮੰਤਰੀ ਬਣੇ ਹੁੰਦੇ। ਨਵਜੋਤ ਸਿੰਘ ਸਿੱਧੂ ਕੋਲ ਮੌਕਾ ਸੀ ਪੰਜਾਬ ਦੀ ਸੇਵਾ ਕਰਨ ਦਾ ਜੋ ਉਹਨਾ ਨੇ ਗਵਾ ਲਿਆ ਹੈ।
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਫ਼ੀ ਚਰਚਾ ਚੱਲੀ ਸੀ ਕਿ ਆਮ ਆਦਮੀ ਪਾਰਟੀ ਵਿੱਚ ਨਵਜੋਤ ਸਿੰਘ ਸਿੱਧੂ ਸ਼ਾਮਲ ਹੋ ਸਕਦੇ ਹਨ। ਪਰ ਇਹਨਾਂ ਖ਼ਬਰਾਂ ਦਾ ਖੰਡਨ ਨਾਲ ਦੀ ਨਾਲ ਹੀ ਹੋ ਗਿਆ ਸੀ। ਉਸ ਸਮੇਂ ਆਮ ਆਦਮੀ ਪਾਰਟੀ ਪੰਜਾਬ ਲਈ ਆਪਣੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਲੱਭ ਰਹੀ ਸੀ।
ਨਵਜੋਤ ਸਿੰਘ ਸਿੱਧੁ ਤੋਂ ਬਾਅਦ ਚਰਚਾਵਾਂ ਇਹ ਵੀ ਚੱਲੀਆਂ ਸਨ ਕਿ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ, ਅਤੇ 'ਆਪ' ਪਾਰਟੀ ਵੀ ਬਲਬੀਰ ਸਿੰਘ ਰਾਜੇਵਾਲ ਨੂੰ ਆਪਣੇ ਨਾਲ ਮਿਲਾਉਣ 'ਚ ਦਿਲਚਸਪੀ ਰੱਖ ਰਹੀ ਸੀ। ਪਰ ਬਲਬੀਰ ਸਿੰਘ ਰਜੇਵਾਲ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਨਾਲੋਂ ਆਪ ਹੀ ਆਜ਼ਾਦ ਚੋਣ ਮੈਦਾਨ 'ਚ ਉੱਤਰ ਗਏ ਸਨ। ਜਿਸ ਕਾਰਨ ਉਹਨਾਂ ਨੁੰ ਹਾਰ ਦਾ ਵੀ ਸਾਹਮਣਾ ਕਰਨਾ ਪਿਆ ਸੀ।
ਜਦੋਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣੀ ਸੀ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਨੂੰ ਸਥਾਨ ਸਰਕਾਰਾਂ ਵਿਭਾਗ ਦਾ ਮੰਤਰੀ ਬਣਾਇਆ ਸੀ। ਉਸ ਸਮੇਂ ਨਵਜੋਤ ਸਿੱਧੂ ਆਪਣੀ ਪਤਨੀ ਡਾ. ਨਵਜੋਤ ਕੌਰ ਲਈ ਚੰਡੀਗੜ੍ਹ ਤੋਂ ਲੋਕ ਸਭਾ ਦੀ ਟਿਕਟ ਦੀ ਇੱਛਾ ਰੱਖ ਰਹੇ ਸਨ। ਪਰ ਕੈਪਟਨ ਅਮਰਿੰਦਰ ਸਿੰਘ ਇਸ ਦੇ ਖਿਲਾਫ਼ ਸਨ।
ਫਿਰ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਹੀ ਮੋਰਚਾ ਖੋਲ੍ਹ ਦਿੱਤਾ ਸੀ। ਜਿਸ ਕਰਕੇ ਨਵਜੋਤ ਸਿੰਘ ਸਿੱਧੂ ਤੋਂ ਸਥਾਨਕ ਸਰਕਾਰਾਂ ਵਿਭਾਗ ਖੋਹ ਲਿਆ ਗਿਆ ਸੀ ਅਤੇ ਉਹਨਾਂ ਨੂੰ ਬਿਜਲੀ ਮੰਤਰਾਲਾ ਦੇ ਦਿੱਤਾ ਸੀ। ਪਰ ਨਵਜੋਤ ਸਿੱਧੂ ਨੇ ਬਿਜਲੀ ਮੰਤਰਾਲਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਉਹਨਾਂ ਨੇ ਆਪਣੇ ਆਪ ਨੂੰ ਮੰਤਰੀ ਮੰਡਲ 'ਚੋਂ ਬਾਹਰ ਰੱਖ ਲਿਆ ਸੀ।
ਇਸ ਤੋਂ ਬਾਅਦ ਜਦੋਂ ਵਿਧਾਨ ਸਭਾ 2022 ਦੀਆਂ ਚੋਣਾਂ ਨੇੜੇ ਆਈਆਂ ਤਾਂ ਕਾਂਗਰਸ ਦੀ ਸਰਕਾਰ ਵਿੱਚ ਵੱਡਾ ਤਖ਼ਤਾ ਪਲਟ ਹੋ ਗਿਆ ਸੀ। ਕੈਪਟਨ ਅਮਰਿੰਦਰ ਸਿੰਘ ਤੋਂ ਕਾਂਗਰਸ ਹਾਈਕਮਾਨ ਨੇ ਮੁੱਖ ਮੰਤਰੀ ਦਾ ਅਹੁਦਾ ਖੋਹ੍ਹ ਲਿਆ ਅਤੇ ਉਹਨਾਂ ਦੀ ਥਾਂ ਚਰਨਜੀਤ ਸਿੰਘ ਚੰਨੀ ਨੂੰ ਸੀਐਮ ਬਣਾ ਦਿੱਤਾ ਸੀ।
ਦੂਜੇ ਪਾਸੇ ਤਤਕਾਲੀ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੋਂ ਪ੍ਰਧਾਨਗੀ ਵਾਪਸ ਲੈ ਲਈ ਗਈ ਅਤੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਸੀ। ਫਿਰ ਨਵਜੋਤ ਸਿੱਧੂ ਵਿਧਾਨ ਸਭਾ ਚੋਣ ਹਾਰ ਗਏ ਸਨ ਅਤੇ ਉਹਨਾਂ ਤੋਂ ਕਾਂਗਰਸ ਹਾਈਕਮਾਨ ਨੇ ਪ੍ਰਧਾਨਗੀ ਵੀ ਵਾਪਸ ਲੈ ਲਈ ਸੀ।