Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 6 ਦਿਨਾਂ ਬਾਅਦ ਵੀਰਵਾਰ ਨੂੰ ਹਸਪਤਾਲ ਤੋਂ ਵਾਪਸ ਪਰਤੇ। ਅਗਲੇ ਹੀ ਦਿਨ, ਅੱਜ, ਮੁੱਖ ਮੰਤਰੀ ਮਾਨ ਨੇ ਸਾਰੇ ਅਧਿਕਾਰੀਆਂ ਨਾਲ ਹੜ੍ਹਾਂ ਸਬੰਧੀ ਸੂਬੇ ਵਿੱਚ ਕੀਤੇ ਜਾ ਰਹੇ ਰਾਹਤ ਕਾਰਜਾਂ ਸਬੰਧੀ ਇੱਕ ਉੱਚ ਪੱਧਰੀ ਮੀਟਿੰਗ ਕੀਤੀ।

Continues below advertisement

ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਝੋਨੇ ਦੀ ਖਰੀਦ 16 ਅਕਤੂਬਰ ਤੋਂ ਸ਼ੁਰੂ ਹੋਵੇਗੀ। ਹੜ੍ਹ ਪੀੜਤਾਂ ਨੂੰ 45 ਦਿਨਾਂ ਵਿੱਚ ਮੁਆਵਜ਼ਾ ਦਿੱਤਾ ਜਾਵੇਗਾ। ਸਾਰੇ ਅਧਿਕਾਰੀਆਂ ਨੂੰ ਸਖ਼ਤ ਹੁਕਮ ਦਿੱਤੇ ਗਏ ਹਨ ਕਿ ਉਹ ਉਨ੍ਹਾਂ ਥਾਵਾਂ ਦਾ ਸਰਵੇਖਣ ਕਰਨ ਜਿੱਥੇ ਪਾਣੀ ਘਟਿਆ ਹੈ ਤੇ ਜਲਦੀ ਹੀ ਰਿਪੋਰਟ ਪੇਸ਼ ਕਰਨ ਤਾਂ ਜੋ ਕਿਸਾਨਾਂ ਨੂੰ ਜਲਦੀ ਹੀ ਮੁਆਵਜ਼ਾ ਦਿੱਤਾ ਜਾ ਸਕੇ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਅਫ਼ਸਰਾਂ ਨੂੰ ਵੀ ਸਖ਼ਤ ਨਿਰਦੇਸ਼ ਦਿੱਤੇ ਨੇ, ਜੇਕਰ ਇਸ ਦੁੱਖ ਦੀ ਘੜੀ ਅਤੇ ਪੁੰਨ ਦੇ ਕੰਮ ਵਿੱਚ ਕਿਸੇ ਨੇ ਅਣਗਹਿਲੀ ਜਾਂ ਬੇਈਮਾਨੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੈਨੂੰ ਇਸ ਗੱਲ ਦੀ ਸੰਤੁਸ਼ਟੀ ਹੈ ਕਿ ਪੂਰੀ ਦੁਨੀਆ ਨੂੰ ਪੰਜਾਬ ਦੇ ਲੋਕਾਂ ਨੇ ਦੱਸ ਦਿੱਤਾ ਕਿ ਸਾਡਾ ਏਕਾ ਕਿਸੇ ਵੀ ਸੰਕਟ ਨਾਲ ਨਜਿੱਠ ਸਕਦਾ ਹੈ।

Continues below advertisement

ਮਾਨ ਨੇ ਕਿਹਾ ਕਿ ਅਸੀਂ ਇਸ ਮੁਸ਼ਕਲ ਦੀ ਘੜੀ ਵਿੱਚ ਵਿਰੋਧੀਆਂ ਵੱਲੋਂ ਕੀਤੀ ਜਾ ਰਹੀ ਰਾਜਨੀਤੀ ਵਿੱਚ ਨਹੀਂ ਉਲਝਣਾ। 45 ਦਿਨਾਂ ਦੇ ਅੰਦਰ-ਅੰਦਰ ਹਰ ਤਰ੍ਹਾਂ ਦੇ ਨੁਕਸਾਨ ਦੇ ਚੈੱਕ ਤਿਆਰ ਕਰਕੇ ਲੋਕਾਂ ਨੂੰ ਅਸੀਂ ਆਪਣੇ ਹੱਥੀਂ ਦੇਵਾਂਗੇ। ਜਦੋਂ ਤੱਕ ਲੋਕਾਂ ਨੂੰ ਮੁਆਵਜ਼ਾ ਨਹੀਂ ਮਿਲਦਾ, ਉਦੋਂ ਤੱਕ ਨਾ ਮੈਂ ਚੈਨ ਨਾਲ ਬੈਠਾਂਗਾ ਅਤੇ ਨਾ ਕਿਸੇ ਅਧਿਕਾਰੀ ਨੂੰ ਬੈਠਣ ਦੇਵਾਂਗਾ।

ਫਸਲਾਂ ਦੇ ਨੁਕਸਾਨ ਦੀ ਸੂਰਤ ਵਿੱਚ ਪ੍ਰਤੀ ਏਕੜ 20,000 ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਰਿਪੋਰਟ ਤਿਆਰ ਹੋਣ ਤੋਂ ਬਾਅਦ ਵੀ, ਅਸੀਂ ਇੱਕ ਹਫ਼ਤੇ ਦਾ ਸਮਾਂ ਦੇਵਾਂਗੇ ਤਾਂ ਜੋ ਲੋਕ ਦੱਸ ਸਕਣ ਕਿ ਉਨ੍ਹਾਂ ਦੀ ਜ਼ਮੀਨ ਦੀ ਗਿਰਦਾਵਰੀ ਅਸਲ ਵਿੱਚ ਹੋਈ ਹੈ ਜਾਂ ਨਹੀਂ । ਅਸੀਂ ਉਨ੍ਹਾਂ ਘਰਾਂ ਲਈ ਮੁਆਵਜ਼ਾ ਵੀ ਦੇਵਾਂਗੇ ਜਿਨ੍ਹਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਮੁਆਵਜ਼ਾ ਵੀ ਵਧਾਇਆ ਜਾਵੇਗਾ।

ਉਨ੍ਹਾਂ ਕਿਹਾ ਕਿ ਅੱਜ ਪੰਜਾਬ ਨੇ ਪੂਰੇ ਦੇਸ਼ ਨੂੰ ਦੱਸ ਦਿੱਤਾ ਹੈ ਕਿ ਉਹ ਆਫ਼ਤਾਂ ਨਾਲ ਨਜਿੱਠਣਾ ਜਾਣਦਾ ਹੈ। ਕਈ ਸਮਾਜਿਕ, ਧਾਰਮਿਕ ਅਤੇ ਕਲਾਕਾਰ ਸੰਗਠਨਾਂ ਨੇ ਲੋਕਾਂ ਦੀ ਮਦਦ ਕੀਤੀ ਹੈ। ਇਹ ਪੰਜਾਬ ਦੀ ਧਰਤੀ ਦੀ ਵਿਸ਼ੇਸ਼ਤਾ ਹੈ ਕਿ ਅਸੀਂ ਬਾਹਰਲੇ ਲੋਕਾਂ ਨੂੰ ਭੁੱਖੇ ਨਹੀਂ ਰਹਿਣ ਦਿੰਦੇ, ਤਾਂ ਅਸੀਂ ਆਪਣੇ ਲੋਕਾਂ ਨੂੰ ਭੁੱਖਾ ਕਿਵੇਂ ਦੇਖ ਸਕਦੇ ਹਾਂ।