ਰੌਬਟ ਦੀ ਰਿਪੋਰਟ


Rajya Sabha Elections: ਪੰਜਾਬ ਤੋਂ ਰਾਜ ਸਭਾ ਮੈਂਬਰਾਂ ਲਈ ਆਮ ਆਦਮੀ ਪਾਰਟੀ ਨੇ ਕੁਝ ਨਾਂ ਤੈਅ ਕਰ ਲਏ ਹਨ। ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋਂ, ਸੁਖਦੇਵ ਸਿੰਘ ਢੀਂਡਸਾ, ਨਰੇਸ਼ ਗੁਜਰਾਲ ਤੇ ਸ਼ਵੇਤ ਮਲਿਕ ਦਾ ਕਾਰਜਕਾਲ ਖਤਮ ਹੋਣ ਮਗਰੋਂ ਰਾਜ ਸਭਾ ਦੀਆਂ ਪੰਜ ਸੀਟਾਂ ਖਾਲੀ ਹਨ। ਰਾਜ ਸਭਾ ਚੋਣਾਂ ਲਈ ਨਾਮਜ਼ਦਗੀਆਂ ਦਾ ਅੱਜ ਆਖਰੀ ਦਿਨ ਹੈ।

ਅਜਿਹੇ 'ਚ ਆਮ ਆਦਮੀ ਪਾਰਟੀ ਪੰਜਾਬ ਤੋਂ ਕ੍ਰਿਕਟਰ ਹਰਭਜਨ ਸਿੰਘ, ਪਾਰਟੀ ਦੇ ਪੰਜਾਬ ਸਹਿ-ਇੰਚਾਰਜ ਰਾਘਵ ਚੱਢਾ, ਦਿੱਲੀ ਆਈਆਈਟੀ ਦੇ ਪ੍ਰੋਫੈਸਰ ਡਾਕਟਰ ਸੰਦੀਪ ਪਾਠਕ ਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸੰਸਥਾਪਕ ਅਸ਼ੋਕ ਮਿੱਤਲ ਅਤੇ ਕਾਰੋਬਾਰੀ/ਸਮਾਜ ਸੇਵੀ ਸੰਜੀਵ ਅਰੋੜਾ  ਨੂੰ ਰਾਜ ਸਭਾ ਭੇਜ ਰਹੀ ਹੈ।

ਆਮ ਆਦਮੀ ਪਾਰਟੀ ਦੇ 'ਚਾਣਕਿਆ' ਕਹੇ ਜਾਂਦੇ ਡਾ. ਸੰਦੀਪ ਪਾਠਕ ਪੰਜਾਬ ਤੋਂ ਰਾਜ ਸਭਾ 'ਚ ਜਾਣਗੇ। ਆਮ ਆਦਮੀ ਪਾਰਟੀ ਦੀ ਪੰਜਾਬ 'ਚ ਵੱਡੀ ਜਿੱਤ ਪਿੱਛੇ ਡਾ. ਸੰਦੀਪ ਪਾਠਕ ਦੀ ਅਹਿਮ ਭੂਮਿਕਾ ਰਹੀ ਹੈ। ਸੰਦੀਪ ਪਾਠਕ ਨੇ 3 ਸਾਲ ਪੰਜਾਬ 'ਚ ਡੇਰੇ ਲਾਏ ਤੇ ਬੂਥ ਲੈਵਲ ਤੱਕ ਕੰਮ ਕੀਤਾ। ਡਾ. ਸੰਦੀਪ ਪਾਠਕ IIT ਵਿੱਚ ਭੌਤਿਕ ਵਿਗਿਆਨ ਦੇ ਇੱਕ ਜਾਣੇ-ਪਛਾਣੇ ਪ੍ਰੋਫੈਸਰ ਹਨ। ਜਾਣਕਾਰੀ ਮੁਤਾਬਕ ਡਾ. ਸੰਦੀਪ ਪਾਠਕ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ CM ਭਗਵੰਤ ਮਾਨ ਦੇ ਕਰੀਬੀ ਹਨ।

ਇਸ ਤੋਂ ਇਲਾਵਾ ਅਸ਼ੋਕ ਮਿੱਤਲ ਵੀ ਰਾਜ ਸਭਾ ਵਿੱਚ ਜਾਣਗੇ। ਅਸ਼ੋਕ ਮਿੱਤਲ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸੰਸਥਾਪਕ ਹਨ। ਉਹ ਸਿੱਖਿਆ ਤੇ ਸਮਾਜ ਸੇਵਾ ਦੇ ਖੇਤਰ ਵਿੱਚ ਆਪਣੇ ਕੰਮ ਲਈ ਜਾਣੇ ਜਾਂਦੇ ਹਨ। ਇੱਕ ਸਾਧਾਰਨ ਪਰਿਵਾਰ ਵਿੱਚੋਂ ਆ ਕੇ ਅਸ਼ੋਕ ਮਿੱਤਲ ਨੇ ਆਪਣੇ ਦਮ 'ਤੇ ਕਾਮਯਾਬੀ ਹਾਸਲ ਕੀਤੀ ਹੈ। LPU ਦੀ ਸਥਾਪਨਾ ਸਮਾਜ ਤੇ ਪੰਜਾਬ ਦੀ ਸੇਵਾ ਲਈ ਕੀਤੀ ਗਈ ਸੀ। LPU ਭਾਰਤ ਦੀ ਸਭ ਤੋਂ ਵੱਡੀ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ।


ਸੰਜੀਵ ਅਰੋੜਾ ਲੁਧਿਆਣਾ ਵਿੱਚ ਇੱਕ ਸਫਲ ਨਿਰਯਾਤ ਘਰ ਚਲਾ ਰਿਹਾ ਇੱਕ ਕਾਰੋਬਾਰੀ, ਸੰਜੀਵ ਅਰੋੜਾ ਕ੍ਰਿਸ਼ਨ ਪ੍ਰਾਣ ਬ੍ਰੈਸਟ ਕੈਂਸਰ ਚੈਰੀਟੇਬਲ ਟਰੱਸਟ ਚਲਾਉਂਦਾ ਹੈ ਜੋ ਉਸਦੇ ਮਾਤਾ-ਪਿਤਾ ਦੀ ਕੈਂਸਰ ਨਾਲ ਮੌਤ ਤੋਂ ਬਾਅਦ ਸਥਾਪਿਤ ਕੀਤਾ ਗਿਆ ਸੀ। ਟਰੱਸਟ ਪਿਛਲੇ 15 ਸਾਲਾਂ ਤੋਂ ਪੰਜਾਬ ਦੇ ਲੋਕਾਂ ਦੀ ਸੇਵਾ ਕਰ ਰਿਹਾ ਹੈ ਅਤੇ 160 ਤੋਂ ਵੱਧ ਕੈਂਸਰ ਦੇ ਮਰੀਜ਼ਾਂ ਦਾ ਮੁਫ਼ਤ ਇਲਾਜ ਕਰ ਚੁੱਕਾ ਹੈ।




ਸੂਤਰਾਂ ਦਾ ਕਹਿਣਾ ਹੈ ਕਿ ਇਹ ਨਾਂ ਆਮ ਆਦਮੀ ਪਾਰਟੀ ਨੇ ਲਗਪਗ ਤੈਅ ਕਰ ਲਏ ਹਨ। ਹਾਲਾਂਕਿ ਵਿਰੋਧੀ ਪਾਰਟੀਆਂ ਨੇ ਪਹਿਲਾਂ ਹੀ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਹਨ ਕਿ ਉਮੀਦਵਾਰ ਪੰਜਾਬੀ ਹੋਣੇ ਚਾਹੀਦੇ ਹਨ। ਪੰਜਾਬ ਦੇ ਕੋਟੇ ਵਿੱਚੋਂ ਦੂਜੇ ਰਾਜਾਂ ਦੇ ਆਗੂ ਨਾ ਭੇਜੇ ਜਾਣ।

ਅਜਿਹੇ 'ਚ ਕ੍ਰਿਕਟਰ ਹਰਭਜਨ ਨੂੰ ਲੈ ਕੇ ਸਹਿਮਤੀ ਬਣੀ ਹੈ। ਉਨ੍ਹਾਂ ਨੂੰ ਸੀਐਮ ਭਗਵੰਤ ਮਾਨ ਦਾ ਵੀ ਸਮਰਥਨ ਹਾਸਲ ਹੈ ਕਿਉਂਕਿ ਉਹ ਉਨ੍ਹਾਂ ਨੂੰ ਸਪੋਰਟਸ ਯੂਨੀਵਰਸਿਟੀ ਦੀ ਜ਼ਿੰਮੇਵਾਰੀ ਵੀ ਸੌਂਪਣਾ ਚਾਹੁੰਦੇ ਹਨ। ਹਰਭਜਨ ਸਿੰਘ ਜਲੰਧਰ ਦਾ ਰਹਿਣ ਵਾਲੇ ਹਨ। ਹਾਲਾਂਕਿ ਰਾਘਵ ਚੱਢਾ 'ਤੇ ਵੀ ਸਹਿਮਤੀ ਬਣੀ ਹੋਈ ਹੈ। ਬੀਤੇ ਦਿਨੀਂ ਅਰਵਿੰਦ ਕੇਜਰੀਵਾਲ ਨੇ ਵਿਧਾਇਕਾਂ ਦੇ ਸਾਹਮਣੇ ਡਾਕਟਰ ਸੰਦੀਪ ਪਾਠਕ ਦੀ ਤਾਰੀਫ ਕੀਤੀ ਸੀ।

ਦੱਸ ਦਈਏ ਕਿ ਪੰਜਾਬ ਵਿੱਚ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋਂ, ਅਕਾਲੀ ਦਲ ਦੇ ਸੁਖਦੇਵ ਸਿੰਘ ਢੀਂਡਸਾ ਤੇ ਨਰੇਸ਼ ਗੁਜਰਾਲ ਤੋਂ ਇਲਾਵਾ ਭਾਜਪਾ ਦੇ ਸ਼ਵੇਤ ਮਲਿਕ ਦਾ ਕਾਰਜਕਾਲ ਖਤਮ ਹੋ ਰਿਹਾ ਹੈ। ਇਨ੍ਹਾਂ ਵਿੱਚੋਂ ਪ੍ਰਤਾਪ ਸਿੰਘ ਬਾਜਵਾ ਵੀ ਇਸ ਵਾਰ ਕਾਦੀਆਂ ਤੋਂ ਵਿਧਾਇਕ ਬਣੇ ਹਨ।