ਮਹਿਤਾਬ-ਉਦ-ਦੀਨ
ਚੰਡੀਗੜ੍ਹ: ਇੰਡੀਅਨ ਇੰਸਟੀਚਿਊਟ ਆਫ਼ ਟੈਕਨੋਲੋਜੀ (IIT), ਰੋਪੜ ਨੇ ਬਿਜਲੀ ਨਾਲ ਸਸਕਾਰ ਕਰਨ ਵਾਲੀ ਇੱਕ ਤੋਂ ਦੂਜੀ ਥਾਂ ਲਿਜਾਣ ਦੇ ਯੋਗ ਪ੍ਰੋਟੋਟਾਈਪ ਪ੍ਰਣਾਲੀ ਵਿਕਸਤ ਕੀਤੀ ਹੈ, ਜਿਸ ਦੇ ਆਪਣੀ ਕਿਸਮ ਦੀ ਪਹਿਲੀ ਟੈਕਨੋਲੋਜੀ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਦੁਆਰਾ ਮ੍ਰਿਤਕ ਦੇਹ ਦੇ ਸਸਕਾਰ ਸਮੇਂ ਭਾਵੇਂ ਲੱਕੜ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਉਸ ਨਾਲ ਕੋਈ ਧੂੰਆਂ ਪੈਦਾ ਨਹੀਂ ਹੁੰਦਾ। ਇਹ ਪ੍ਰਣਾਲੀ ਅੰਤਿਮ ਸਸਕਾਰ ਲਈ ਅੱਧੀ ਲੱਕੜ ਦੀ ਵਰਤੋਂ ਕਰਦੀ ਹੈ ਤੇ ਫਿਰ ਵੀ ਪ੍ਰਦੂਸ਼ਣ-ਮੁਕਤ ਹੈ ਕਿਉਂਕਿ ਇਹ ਕੰਬਸਚਨ ਏਅਰ ਸਿਸਟਮ ਟੈਕਨੋਲੋਜੀ ਨੂੰ ਵਰਤਦੀ ਹੈ।
ਇਹ ਬੱਤੀਆਂ ਵਾਲੇ ਸਟੋਵ ਦੀ ਟੈਕਨੋਲੋਜੀ ਉੱਤੇ ਆਧਾਰਤ ਹੈ, ਜਿਸ ਵਿੱਚ ਜਦੋਂ ਬੱਤੀ ਨੂੰ ਅੱਗ ਲਾਈ ਜਾਂਦੀ ਹੈ, ਤਾਂ ਇਸ ਦੁਆਰਾ ਪੀਲੀ ਲਾਟ ਬਲਦੀ ਹੈ। ਬੱਤੀਆਂ ਉੱਤੇ ਸਥਾਪਤ ਕੰਬਸਚਨ ਏਅਰ ਸਿਸਟਮ ਦੀ ਮਦਦ ਨਾਲ ਇਹੋ ਲਾਟ ਫਿਰ ਧੂੰਆਂ ਮੁਕਤ ਨੀਲੀ ਲਾਟ ਵਿੱਚ ਤਬਦੀਲ ਹੋ ਜਾਂਦੀ ਹੈ।
ਆਈਆਈਟੀ ਦੇ ਪ੍ਰੋਫ਼ੈਸਰ ਡਾ. ਹਰਪ੍ਰੀਤ ਸਿੰਘ, ਡੀਨ, ਇੰਡਸਟ੍ਰੀਅਲ ਕੰਨਸਲਟੈਂਸੀ ਐਂਡ ਸਪਾਂਸਰਡ ਰਿਸਰਚ ਐਂਡ ਐਂਡ ਇੰਡਸਟ੍ਰੀ ਇੰਟਰਐਕਸ਼ਨ (ICSR&II), ਜਿਨਾਂ ਨੇ ਇਹ ਪ੍ਰਣਾਲੀ ਵਿਕਸਤ ਕੀਤੀ ਹੈ, ਨੇ ਕਿਹਾ ਕਿ ਅੰਤਿਮ ਸਰਕਾਰ ਦੀ ਇਹ ਪ੍ਰਣਾਲੀ ਜਾਂ ਇਨਸਿਨਰੇਟਰ 1044 ਡਿਗਰੀ ਸੈਲਸੀਅਸ ਤਾਪਮਾਨ ਤੱਕ ਤਪਦਾ ਹੈ, ਜੋ ਇਸ ਸਾਰੀ ਪ੍ਰਕਿਰਿਆ ਨੂੰ ਰੋਗਾਣੂਆਂ ਤੋਂ ਮੁਕਤ ਬਣਾਉਂਦਾ ਹੈ। ਇੱਕ ਰੇਹੜੇ ਦੇ ਆਕਾਰ ਦੇ ਇਸ ਇਨਸਿਨਰੇਟਰ ਦੇ ਪਹੀਏ ਲੱਗੇ ਹੋਏ ਹਨ ਅਤੇ ਇਸ ਨੂੰ ਬਿਨਾ ਬਹੁਤੀਆਂ ਕੋਸ਼ਿਸ਼ਾਂ ਦੇ ਕਿਤੇ ਵੀ ਲਿਜਾਂਦਾ ਜਾ ਸਕਦਾ ਹੈ। ਇਹ ਰੇਹੜਾ ਗਰਮ ਹਵਾ ਦੀ ਪ੍ਰਾਇਮਰੀ ਤੇ ਸੈਕੰਡਰੀ ਪ੍ਰਣਾਲੀ ਲਈ ਕੰਬਸਚਨ ਏਅਰ ਨਾਲ ਲੈਸ ਹੈ।
ਪ੍ਰੋ. ਹਰਪ੍ਰੀਤ ਨੇ ਦੱਸਿਆ,‘ਇਸ ਰਾਹੀਂ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ 12 ਘੰਟਿਆਂ ਅੰਦਰ ਮੁਕੰਮਲ ਹੋ ਜਾਂਦਾ ਹੈ; ਇਸ ਸਮੇਂ ’ਚ ਸਭ ਕੁਝ ਠੰਢਾ ਹੋਣ ਦਾ ਸਮਾਂ ਵੀ ਸ਼ਾਮਲ ਹੈ; ਜਦ ਕਿ ਆਮ ਹਾਲਤ ਵਿੱਚ ਲੱਕੜਾਂ ਨਾਲ ਅੰਤਿਮ ਸਸਕਾਰ ਕਰਦੇ ਸਮੇਂ 48 ਘੰਟੇ ਲੱਗਦੇ ਹਨ।’ ਘੱਟ ਲੱਕੜ ਦੀ ਵਰਤੋਂ ਨਾਲ ਕਾਰਬਨ ਦੀ ਨਿਕਾਸੀ ਵੀ ਅੱਧੀ ਘਟ ਜਾਂਦੀ ਹੈ। ਉਨ੍ਹਾਂ ਕਿਹਾ ਕਿ ਰੀਫ਼੍ਰੈਕਟਰੀ ਹੀਟ ਸਟੋਰੇਜ ਦੀ ਅਣਹੋਂਦ ਕਾਰਣ ਇਸ ਨੂੰ ਠੰਢਾ ਹੋਣ ਲਈ ਘੱਟ ਸਮਾਂ ਲੋੜੀਂਦਾ ਹੈ। ਰੇਹੜੇ ਦੇ ਦੋਵੇਂ ਪਾਸੇ ਸਟੇਨਲੈੱਸ ਸਟੀਲ ਦੀ ਇਨਸੁਲੇਸ਼ਨ ਹੈ, ਜਿਸ ਨਾਲ ਤਪਸ਼ ਦਾ ਕੋਈ ਨੁਕਸਾਨ ਹੁੰਦਾ, ਸਗੋਂ ਲੱਕੜ ਦੀ ਖਪਤ ਘੱਟ ਹੁੰਦੀ ਹੈ। ਇਸ ਦੇ ਹੇਠਾਂ ਇੱਕ ਟ੍ਰੇਅ ਵੀ ਹੁੰਦੀ ਹੈ, ਜਿੱਥੋਂ ਸੁਆਹ ਨੂੰ ਆਸਾਨੀ ਨਾਲ ਹਟਾਇਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅੰਤਿਮ ਸਸਕਾਰ ਲਈ ਟੈੱਕ ਰਵਾਇਤੀ ਮਾੱਡਲ ਨੂੰ ਅਪਣਾਇਆ ਹੈ ਕਿਉਂਕਿ ਇਸ ਵਿੱਚ ਲੱਕੜ ਦੀ ਵਰਤੋਂ ਵੀ ਹੁੰਦੀ ਹੈ। ਅਜਿਹਾ ਲੱਕੜ ਦੀ ਅਰਥੀ ਉੱਤੇ ਅੰਤਿਮ ਸਸਕਾਰ ਕਰਨ ਦੇ ਸਾਡੇ ਵਿਸ਼ਵਾਸਾਂ ਤੇ ਰਵਾਇਤਾਂ ਨੂੰ ਧਿਆਨ ’ਚ ਰੱਖਦਿਆਂ ਕੀਤਾ ਗਿਆ ਹੈ।
ਪ੍ਰੋਟੋਟਾਈਪ ਬਣਾਉਣ ਵਾਲੇ ਚੀਮਾ ਬੁਆਇਲਜ਼ਰ ਲਿਮਟਿਡ ਦੇ ਐੱਮਡੀ ਹਰਜਿੰਦਰ ਸਿੰਘ ਚੀਮਾ ਨੇ ਦੱਸਿਆ,‘ਮਹਾਮਾਰੀ ਦੀ ਮੌਜੂਦਾ ਸਥਿਤੀ ਨੂੰ ਧਿਆਨ ’ਚ ਰੱਖਦਿਆਂ ਜੇ ਇਹ ਪ੍ਰਣਾਲੀ ਅਪਣਾਈ ਜਾਂਦੀ ਹੈ, ਤਾਂ ਉਹ ਲੋਕ ਆਪਣੇ ਮਿੱਤਰ-ਪਿਆਰਿਆਂ ਦੇ ਸਨਮਾਨਜਨਕ ਅੰਤਿਮ ਸਸਕਾਰ ਕਰ ਸਕਦੇ ਹਨ, ਜੋ ਲੱਕੜਾਂ ਦਾ ਇੰਤਜ਼ਾਮ ਕਰਨ ਦਾ ਵਿੱਤੀ ਬੋਝ ਨਹੀਂ ਝੱਲ ਸਕਦੇ। ਉਨ੍ਹਾਂ ਕਿਹਾ ਕਿ ਇਹ ਕਿਉਂਕਿ ਪੋਰਟੇਬਲ ਹੈ, ਇਸ ਲਈ ਇਸ ਨੂੰ ਸਬੰਧਤ ਅਧਿਕਾਰੀਆਂ ਦੀ ਇਜਾਜ਼ਤ ਨਾਲ ਕਿਤੇ ਵੀ ਲਿਜਾਂਦਾ ਜਾ ਸਕਦਾ ਹੈ। ਮੌਜੂਦਾ ਸੰਦਰਭ ਵਿੱਚ ਇਸ ਨਾਲ ਲੋਕਾਂ ਦੀ ਅੰਤਿਮ ਸਸਕਾਰਾਂ ਲਈ ਜਗ੍ਹਾ ਦੀ ਘਾਟ ਦੀ ਸਮੱਸਿਆ ਦਾ ਹੱਲ ਲੱਭਣ ਵਿੱਚ ਵੀ ਮਦਦ ਮਿਲੇਗੀ।