Punajb News: ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅਧਿਕਾਰੀਆਂ ਨੂੰ ਅਨਾਜ ਮੰਡੀਆਂ ਵਿੱਚੋਂ ਸਾਰੇ ਨਾਜਾਇਜ਼ ਕਬਜ਼ੇ ਹਟਾਉਣ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦੀਆਂ ਹਦਾਇਤਾਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਮੰਡੀਆਂ ’ਚ ਕਿਸਾਨਾਂ ਦੀ ਸਹੂਲਤ ਲਈ ਸਾਫ਼-ਸਫ਼ਾਈ, ਪੀਣ ਵਾਲੇ ਪਾਣੀ, ਲਾਈਟਾਂ ਤੇ ਪਖਾਨੇ ਜਿਹੇ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਸਾਰੇ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਸੂਬੇ ਭਰ ਦੇ ਸਾਰੇ 1806 ਖਰੀਦ ਕੇਂਦਰਾਂ ਵਿੱਚ ਪੁਖ਼ਤਾ ਪ੍ਰਬੰਧ ਕਰਨ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ।
ਧਾਲੀਵਾਲ ਨੇ ਕਿਹਾ ਕਿ ਸਰਕਾਰ ਇਸ ਸੀਜ਼ਨ ਵਿੱਚ ਝੋਨੇ ਦੀ ਨਿਰਵਿਘਨ ਖਰੀਦ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਨੇ ਮੰਡੀ ਬੋਰਡ ਵੱਲੋਂ ਨਿਰਵਿਘਨ ਖਰੀਦ ਲਈ ਕੀਤੀਆਂ ਅਗਾਊਂ ਤਿਆਰੀਆਂ ਦਾ ਜਾਇਜ਼ਾ ਲਿਆ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਝੋਨੇ ਦੇ ਦਾਣੇ-ਦਾਣੇ ਦੀ ਖਰੀਦ ਤੇ ਚੁਕਾਈ ਦੇ ਨਾਲ-ਨਾਲ ਅਨਾਜ ਮੰਡੀਆਂ ’ਚ ਮਿਆਰੀ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ।
ਮੰਡੀਆਂ 'ਚ ਝੋਨਾ ਪਹੁੰਚਣਾ ਸ਼ੁਰੂ
ਉਧਰ ਪੰਜਾਬ ਦੀਆਂ ਕਈ ਮੰਡੀਆਂ ਵਿੱਚ ਝੋਨਾ ਪਹੁੰਚਣਾ ਸ਼ੁਰੂ ਹੋ ਗਿਆ ਹੈ। ਬਨੂੜ ਮੰਡੀ ਵਿੱਚ ਝੋਨੇ ਦੀ ਆਮਦ ਵਧਣੀ ਸ਼ੁਰੂ ਹੋ ਗਈ ਹੈ। ਮੰਡੀ ਵਿੱਚ ਪਿਛਲੇ ਦੋ ਦਿਨਾਂ ਵਿੱਚ 200 ਕੁਇੰਟਲ ਤੋਂ ਵੱਧ ਝੋਨਾ ਆ ਚੁੱਕਿਆ ਹੈ। ਸਰਕਾਰੀ ਖਰੀਦ ਪਹਿਲੀ ਅਕਤੂਬਰ ਤੋਂ ਸ਼ੁਰੂ ਹੋਣ ਕਰਕੇ ਕਿਸਾਨ ਆਪਣੀ ਫ਼ਸਲ ਮੰਡੀ ਵਿੱਚ ਲੈ ਕੇ ਬੈਠੇ ਹਨ।
ਇਸ ਮੰਡੀ ਵਿਚ ਝੋਨੇ ਦੀ ਪ੍ਰਾਈਵੇਟ ਖਰੀਦ ਵੀ ਨਹੀਂ ਹੋ ਰਹੀ। ਅਗਲੇ ਦਿਨਾਂ ਦੌਰਾਨ ਮੰਡੀ ਵਿੱਚ ਝੋਨੇ ਦੀ ਆਮਦ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ ਕਿਉਂਕਿ ਬਨੂੜ ਖੇਤਰ ਵਿੱਚ ਵੱਡੀ ਪੱਧਰ ’ਤੇ ਆਲੂ ਦੀ ਪੈਦਾਵਾਰ ਹੁੰਦੀ ਹੈ ਤੇ ਝੋਨੇ ਵਾਲੇ ਖੇਤਾਂ ਵਿੱਚ ਸਮੇਂ-ਸਿਰ ਆਲੂ ਦੀ ਬਿਜਾਈ ਕਰਨ ਲਈ ਜ਼ਿਆਦਾਤਰ ਕਿਸਾਨ ਘੱਟ ਸਮੇਂ ਵਿੱਚ ਪੱਕਣ ਵਾਲੇ ਝੋਨੇ ਦੀਆਂ ਕਿਸਮਾਂ ਲਾਉਂਦੇ ਹਨ। ਹੁਣ ਸਮੁੱਚੇ ਖੇਤਰ ਵਿੱਚ ਵੱਡੀ ਪੱਧਰ ਉੱਤੇ ਝੋਨਾ ਪੱਕਿਆ ਖੜ੍ਹਾ ਹੈ।
ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਤਰਲੋਚਨ ਸਿੰਘ ਨੰਡਿਆਲੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਨੂੜ ਮੰਡੀ ਵਿੱਚ ਝੋਨੇ ਦੀ ਸਰਕਾਰੀ ਖਰੀਦ 20 ਸਤੰਬਰ ਤੋਂ ਆਰੰਭ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਆਲੂ ਉਤਪਾਦਨ ਵਾਲਾ ਖੇਤਰ ਹੋਣ ਕਾਰਨ ਇੱਥੇ ਝੋਨਾ 15 ਸਤੰਬਰ ਤੋਂ ਬਾਅਦ ਮੰਡੀ ਵਿੱਚ ਆ ਜਾਂਦਾ ਹੈ ਤੇ ਕਿਸਾਨਾਂ ਨੂੰ ਸਰਕਾਰੀ ਖਰੀਦ ਲੇਟ ਸ਼ੁਰੂ ਹੋਣ ਕਾਰਨ ਦੋ ਹਫ਼ਤੇ ਮੰਡੀ ਵਿੱਚ ਬੈਠਣਾ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਕਿਸਾਨਾਂ ਦੀ ਸਮੱਸਿਆ ਹੱਲ ਕਰਨ ਲਈ ਬਨੂੜ ਮੰਡੀ ਵਿੱਚ ਤੁਰੰਤ ਝੋਨੇ ਦੀ ਖਰੀਦ ਸ਼ੁਰੂ ਕਰਾਉਣੀ ਚਾਹੀਦੀ ਹੈ।