Amritsar News: ਭਗਵੰਤ ਮਾਨ ਸਰਕਾਰ ਵੱਲੋਂ ਲੱਖ ਕੋਸ਼ਿਸ਼ਾਂ ਕਰਨ ਮਗਰੋਂ ਵੀ ਪੰਜਾਬ ਵਿੱਚ ਨਾਜਾਇਜ਼ ਮਾਈਨਿੰਗ ਨੂੰ ਨੱਥ ਨਹੀਂ ਪੈ ਰਹੀ। ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਨਾਜਾਇਜ਼ ਮਾਈਨਿੰਗ ਦੀਆਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹੁਣ ਸੀਨੀਅਰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉਪਰ ਵੀਡੀਓ ਸ਼ੇਅਰ ਕਰਦਿਆਂ ਨਾਜਾਇਜ਼ ਮਾਈਨਿੰਗ ਦੀ ਪੋਲ ਖੋਲ੍ਹੀ ਹੈ।
ਨਵਜੋਤ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਰੋਪੜ ਜ਼ਿਲ੍ਹੇ ਦੇ ਇੱਕ ਪਿੰਡ 'ਚ ਹੋ ਰਹੀ ਗੈਰ-ਕਾਨੂੰਨੀ ਮਾਈਨਿੰਗ ਦੀ ਵੀਡੀਓ ਸਾਂਝੀ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਸੀਐਮ ਭਗਵੰਤ ਮਾਨ 'ਤੇ ਸਿੱਧਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਲਿਖਿਆ ਹੈ ਕਿ ਭਗਵੰਤ ਮਾਨ ਐਂਡ ਕੰਪਨੀ ਵੱਲੋਂ ਜੰਗਲਾਤ ਦੀ ਜ਼ਮੀਨ ਨੂੰ ਵੱਡੇ ਪੱਧਰ ’ਤੇ ਤਬਾਹ ਕੀਤਾ ਜਾ ਰਿਹਾ ਹੈ। ਪਿੰਡ ਭਲਾਣ ਤਹਿਸੀਲ ਨੰਗਲ ਜ਼ਿਲ੍ਹਾ ਆਨੰਦਪੁਰ ਸਾਹਿਬ ਵਿਖੇ ਸਵੇਰੇ ਪੌਣੇ ਚਾਰ ਵਜੇ ਤੋਂ ਹੀ ਵੱਡੇ ਪੱਧਰ 'ਤੇ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਲਾਲਚ ਤੇ ਵਪਾਰ ਨੇ ਸ਼ਾਸਨ ਤੇ ਲੋਕ ਭਲਾਈ ਦੀ ਥਾਂ ਲੈ ਲਈ ਹੈ।
ਦੱਸ ਦਈਏ ਕਿ ਵੀਡੀਓ ਕਰੀਬ 53 ਸੈਕਿੰਡ ਦਾ ਹੈ, ਜੋ ਸ਼ੁੱਕਰਵਾਰ ਸਵੇਰ ਦਾ ਦੱਸਿਆ ਜਾ ਰਿਹਾ ਹੈ। ਵੀਡੀਓ ਬਣਾਉਣ ਵਾਲੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਹ ਪਿੰਡ ਭਲਾਣ ਦੀ ਸਰਕਾਰੀ ਜ਼ਮੀਨ ਦੀ ਹੈ ਜਿੱਥੇ ਸਵੇਰੇ ਕਰੀਬ 4.45 ਵਜੇ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਇਸ ਦੇ ਨਾਲ ਹੀ ਕਈ ਮਸ਼ੀਨਾਂ ਇੱਕੋ ਸਮੇਂ ਚੱਲ ਰਹੀਆਂ ਹਨ। ਇਸ ਵੀਡੀਓ ਨੂੰ ਹਜ਼ਾਰਾਂ ਲੋਕ ਦੇਖ ਚੁੱਕੇ ਹਨ। ਇਸ ਤੋਂ ਇਲਾਵਾ ਕੁਝ ਲੋਕਾਂ ਨੇ ਆਪਣੇ ਇਲਾਕੇ ਵਿੱਚ ਨਾਜਾਇਜ਼ ਮਾਈਨਿੰਗ ਕਰਕੇ ਨੁਕਸਾਨ ਹੋਣ ਦਾ ਮੁੱਦਾ ਉਠਾਇਆ ਹੈ।
ਯਾਦ ਰਹੇ ਨਵਜੋਤ ਸਿੱਧੂ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਗੈਰ-ਕਾਨੂੰਨੀ ਮਾਈਨਿੰਗ ਦਾ ਮੁੱਦਾ ਪ੍ਰਮੁੱਖਤਾ ਨਾਲ ਉਠਾਉਂਦੇ ਆ ਰਹੇ ਹਨ। ਆਪਣੀ ਤਰਫੋਂ, ਉਨ੍ਹਾਂ ਨੇ ਰੋਪੜ ਸਮੇਤ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਗੈਰ-ਕਾਨੂੰਨੀ ਮਾਈਨਿੰਗ ਨੂੰ ਲੈ ਕੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਵਿੱਚ ਕੇਸ ਵੀ ਦਾਇਰ ਕੀਤਾ ਹੈ। ਮਾਮਲੇ ਵਿੱਚ ਉਨ੍ਹਾਂ ਰੋਪੜ ਦੇ ਡੀਐਮ ਤੇ ਪੰਜਾਬ ਸਰਕਾਰ ਨੂੰ ਧਿਰ ਬਣਾਇਆ ਹੈ।
ਇਸ ਮਾਮਲੇ ਦੀ ਸੁਣਵਾਈ ਅਗਲੇ ਹਫ਼ਤੇ ਤੈਅ ਕੀਤੀ ਗਈ ਹੈ। ਜਦੋਂਕਿ ਰੋਪੜ ਵਿੱਚ ਹੋ ਰਹੀ ਨਾਜਾਇਜ਼ ਮਾਈਨਿੰਗ ਦਾ ਕੇਸ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਚੱਲ ਰਿਹਾ ਹੈ। ਹਾਈਕੋਰਟ ਵੱਲੋਂ ਕੋਰਟ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ ਜੋ ਗੈਰ-ਕਾਨੂੰਨੀ ਮਾਈਨਿੰਗ ਨਾਲ ਸਬੰਧਤ ਮਾਮਲੇ ਦੀ ਰਿਪੋਰਟ ਤਿਆਰ ਕਰ ਰਿਹਾ ਹੈ।