Punjab Weather Today : ਇਸ ਸਮੇਂ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਮੀਂਹ ਤੇ ਗੜੇਮਾਰੀ ਦਾ ਅਲਰਟ ਜਾਰੀ ਕੀਤਾ ਗਿਆ ਹੈ। ਜਿਸ ਕਾਰਨ ਮੰਗਲਵਾਰ ਨੂੰ ਮੀਂਹ ਦੀਆਂ ਸਰਗਰਮੀਆਂ ਦੇਖਣ ਨੂੰ ਮਿਲੀਆਂ। ਕਿਤੇ ਹਲਕੀ ਬਾਰਿਸ਼ ਹੋਈ ਤਾਂ ਕਿਤੇ ਜ਼ੋਰਦਾਰ ਮੀਂਹ ਪਿਆ।
ਇਸ ਤੋਂ ਇਲਾਵਾ ਕਈ ਜ਼ਿਲ੍ਹਿਆਂ ਵਿੱਚ ਗੜੇਮਾਰੀ ਵੀ ਹੋਈ। ਮੌਸਮ ਵਿਭਾਗ ਨੇ ਮੰਗਲਵਾਰ ਰਾਤ ਨੂੰ ਯੈਲੋ ਅਲਰਟ ਜਾਰੀ ਕੀਤਾ ਸੀ। ਜਿਸ ਕਾਰਨ 13 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਸੀ। ਮੀਂਹ ਪੈਣ ਦੇ ਬਾਵਜੂਦ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਗਰਮੀ ਤੋਂ ਰਾਹਤ ਨਹੀਂ ਮਿਲੀ। ਸਗੋਂ ਮੀਂਹ ਨੇ ਨਮੀ ਵਧਾ ਦਿੱਤੀ ਹੈ।
ਕਿਹੋ ਜਿਹਾ ਰਹੇਗਾ ਅੱਜ ਤੇ ਕੱਲ੍ਹ ਦਾ ਮੌਸਮ
ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਰਾਜਸਥਾਨ ਦੇ ਉੱਪਰ ਇੱਕ ਘੱਟ ਦਬਾਅ ਵਾਲਾ ਖੇਤਰ ਬਣ ਗਿਆ ਹੈ। ਜਿਸ ਕਾਰਨ ਪੰਜਾਬ ਤੇ ਹਰਿਆਣਾ 'ਚ ਵੈਸਟਰਨ ਡਿਸਟਰਬੈਂਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਭਾਗ ਅਨੁਸਾਰ 7 ਜੂਨ ਨੂੰ ਵੀ ਤੇਜ਼ ਹਵਾਵਾਂ ਨਾਲ ਬੂੰਦਾ-ਬਾਂਦੀ ਜਾਂ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਅੱਜ ਤੇ ਕੱਲ੍ਹ ਬਾਰਿਸ਼ ਅਤੇ ਹਵਾਵਾਂ ਕਾਰਨ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਹੇਠਾਂ ਰਹਿਣ ਦਾ ਅਨੁਮਾਨ ਹੈ। ਵੱਧ ਤੋਂ ਵੱਧ ਤਾਪਮਾਨ 32 ਤੋਂ 38 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 21.0 ਤੋਂ 24.0 ਡਿਗਰੀ ਸੈਲਸੀਅਸ ਤੱਕ ਰਹਿਣ ਦੀ ਸੰਭਾਵਨਾ ਹੈ।
ਫਿਰ ਵਧੇਗਾ ਤਾਪਮਾਨ
ਇਸ ਤੋਂ ਬਾਅਦ 8 ਜੂਨ ਨੂੰ ਵੈਸਟਰਨ ਡਿਸਟਰਬੈਂਸ ਅੱਗੇ ਵਧੇਗਾ, ਜਿਸ ਕਾਰਨ ਹਵਾਵਾਂ ਦੀ ਦਿਸ਼ਾ 'ਚ ਬਦਲਾਅ ਹੋਵੇਗਾ ਅਤੇ 9 ਜੂਨ ਤੋਂ ਤਾਪਮਾਨ ਵਧਣ ਵਾਲਾ ਹੈ। ਜਿਸ ਕਾਰਨ ਗਰਮੀ ਦੀ ਤੀਬਰਤਾ ਬਰਕਰਾਰ ਰਹਿਣ ਵਾਲੀ ਹੈ। ਮੌਸਮ ਵਿਭਾਗ ਮੁਤਾਬਕ ਅਰਬ ਸਾਗਰ 'ਤੇ ਚੱਕਰਵਾਤੀ ਤੂਫਾਨ ਬਣਨ ਕਾਰਨ ਅਰਬ ਸਾਗਰ ਦੀਆਂ ਨਮ ਹਵਾਵਾਂ ਪੱਛਮੀ ਗਰਮ ਹਵਾਵਾਂ ਨਾਲ ਰਲਣ ਜਾ ਰਹੀਆਂ ਹਨ, ਜਿਸ ਕਾਰਨ ਹਰਿਆਣਾ 'ਚ ਗਰਮੀ ਆਪਣਾ ਰੁਖ ਦਿਖਾਉਣ ਜਾ ਰਹੀ ਹੈ। ਫਿਰ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉਪਰ ਜਾਣ ਵਾਲਾ ਹੈ।
ਜੁਲਾਈ 'ਚ ਦਾਖਲ ਹੋਵੇਗਾ ਮਾਨਸੂਨ
ਮੌਸਮ ਵਿਭਾਗ ਅਨੁਸਾਰ ਇਸ ਵਾਰ ਹਰਿਆਣਾ ਵਿੱਚ ਦੱਖਣ-ਪੱਛਮੀ ਮਾਨਸੂਨ ਦੀ ਐਂਟਰੀ ਜੁਲਾਈ ਵਿੱਚ ਹੋਣ ਦੀ ਸੰਭਾਵਨਾ ਹੈ। ਇਸ ਵਾਰ ਇਕ ਤੋਂ ਬਾਅਦ ਇਕ ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੋਣ ਕਾਰਨ ਕੁਝ ਦਿਨਾਂ ਦੇ ਵਕਫੇ 'ਤੇ ਮੀਂਹ ਦੀਆਂ ਸਰਗਰਮੀਆਂ ਦੇਖਣ ਨੂੰ ਮਿਲ ਰਹੀਆਂ ਹਨ।