Akali Dal with BJP: ਸੀਨੀਅਰ ਕਾਂਗਰਸ ਆਗੂ ਤੇ ਸੂਬੇ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾਉਣ ਦਾ ਅਰਥ ਦੇਸ਼, ਪੰਜਾਬ ਤੇ ਪੰਥ ਵਿਰੋਧੀ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾਉਣਾ ਹੋਵੇਗਾ ਕਿਉਂਕਿ ਲੋਕ ਸਭਾ ਚੋਣ ਤੋਂ ਬਾਅਦ ਅਕਾਲੀ ਦਲ ਨੇ ਫਿਰ ਕਿਸਾਨ ਤੇ ਮਜ਼ਦੂਰ ਵਿਰੋਧੀ ਮਾਨਸਿਕਤਾ ਦੇ ਮਾਲਕ ਨਰਿੰਦਰ ਮੋਦੀ ਨੂੰ ਬਿਨਾਂ ਸ਼ਰਤ ਹਿਮਾਇਤ ਦੇ ਦੇਣੀ ਹੈ।


ਸਿੱਧੂ ਨੇ  ਮੋਹਾਲੀ ਹਲਕੇ ਦੇ ਪਿੰਡ ਗੋਬਿੰਦਗੜ੍ਹ ਅਤੇ ਪੱਤੇ ਵਿਚ ਭਰਵੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪੰਜਾਬ ਵਿਚ ਆਪਣੀਆਂ ਤਿੰਨ ਚੋਣ ਰੈਲੀਆਂ ਵਿਚ ਅਕਾਲੀ ਦਲ ਵਿਰੁੱਧ ਇਕ ਸ਼ਬਦ ਵੀ ਨਾ ਬੋਲਣ ਤੋਂ ਇਹ ਸਪਸ਼ਟ ਹੋ ਗਿਆ ਹੈ ਕਿ ਅਕਾਲੀ ਤੇ ਭਾਜਪਾ ਅੰਦਰੋ-ਅੰਦਰੀ ਰਲੇ ਹੋਏ ਹਨ। ਉਹਨਾਂ ਕਿਹਾ ਕਿ 1996 ਵਿਚ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਨਾਲ ਗਠਜੋੜ ਕਰ ਕੇ ਚੋਣ ਲੜੀ ਸੀ, ਪਰ ਨਤੀਜੇ ਨਿਕਲਣ ਤੋਂ ਤੁਰੰਤ ਬਾਅਦ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਨਾਲ ਧੋਖਾ ਕਰਨ ਭਾਜਪਾ ਨੂੰ ਬਿਨਾਂ ਸ਼ਰਤ ਹਿਮਾਇਤ ਦੇ ਦਿੱਤੀ ਸੀ।


ਕਾਂਗਰਸੀ ਆਗੂ ਨੇ ਕਿਹਾ ਕਿ ਖੇਤਰੀ ਪਾਰਟੀਆਂ ਦਾ ਹਠਜੋੜ ਦੀਆਂ ਗੱਲਾਂ ਕਰਨ ਵਾਲੇ ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦਸਣ ਕਿ 1996 ਵਿਚ ਖੇਤਰੀ ਪਾਰਟੀਆਂ ਦੇ ਗਠਜੋੜ ਦੀ ਸਰਕਾਰ ਬਣਨ ਵਿਚ ਰੋੜਾ ਸ਼੍ਰੋਮਣੀ ਅਕਾਲੀ ਦਲ ਭਾਜਪਾ ਨੂੰ ਬਿਨਾਂ ਸ਼ਰਤ ਹਿਮਾਇਤ ਦੇ ਕੇ ਅਕਾਲੀ ਦਲ ਨੇ ਨਹੀਂ ਸੀ ਅਟਕਾਇਆ?


ਉਹਨਾਂ ਕਿਹਾ ਕਿ 1996 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਇਕ ਵਾਰ ਕੇਂਦਰ ਵਿਚ ਖੇਤਰੀ ਪਾਰਟੀਆਂ ਦੀ ਸਰਕਾਰ ਬਣਨ ਦੇ ਹਾਲਾਤ ਬਣ ਗਏ ਸਨ, ਪਰ ਅਕਾਲੀ ਦਲ ਨੇ ਭਾਜਪਾ ਨੂੰ ਬਿਨਾਂ ਸ਼ਰਤ ਹਿਮਾਇਤ ਦੇ ਕੇ ਇਹਨਾਂ ਕੋਸ਼ਿਸ਼ਾਂ ਨੂੰ ਬੂਰ ਨਹੀਂ ਪੈਣ ਦਿੱਤਾ। ਕਾਂਗਰਸੀ ਆਗੂ ਨੇ ਕਿਹਾ ਕਿ ਅਕਾਲੀ ਦਲ ਦੇ ਇਹ ਬੇਅਸੂਲਾ ਫੈਸਲਾ ਉਸ ਵੇਲੇ ਲਿਆ ਸੀ ਜਦੋਂ ਭਾਜਪਾ ਨੂੰ ਕੋਈ ਵੀ ਖੇਤਰੀ ਜਾਂ ਘੱਟ ਗਿਣਤੀਆਂ ਦੀ ਨੁੰਮਾਇੰਦਗੀ ਕਰਨ ਵਾਲੀ ਪਾਰਟੀ ਚਿਮਟੀ ਨਾਲ ਵੀ ਛੋਹਣ ਨੂੰ ਤਿਆਰ ਨਹੀਂ ਸੀ।


ਸਿੱਧੂ ਨੇ ਕਿਹਾ ਕਿ ਅਕਾਲੀ ਦਲ ਦੇ ਇਸ ਫੈਸਲੇ ਨੇ ਮੁਲਕ ਵਿਚ ਸੂਬਿਆਂ ਨੂੰ ਵੱਧ ਅਧਿਕਾਰਾਂ ਦੇਣ ਦੀ ਲਹਿਰ ਦਾ ਭੋਗ ਹੀ ਪਾ ਦਿੱਤਾ ਸੀ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨੂੰ ਬਿਨਾਂ ਸ਼ਰਤ ਹਿਮਾਇਤ ਦੇ ਕੇ ਜਿੱਥੇ ਪੰਜਾਬ ਤੇ ਪੰਥ ਦੇ ਹਿੱਤਾਂ ਨੂੰ ਪਿੱਠ ਵਿਖਾਈ, ਉਥੇ ਮੁਲਕ ਵਿਚ ਖੇਤਰੀਵਾਦ, ਸੰਘਵਾਦ ਤੇ ਸੂਬਿਆ ਨੂੰ ਵੱਧ ਅਧਿਕਾਰ ਮਿਲਣ ਦੀ ਸੰਭਾਵਨਾ ਹੀ ਖਤਮ ਕਰ ਦਿੱਤੀ।