Punjab Weater Report: ਪੰਜਾਬ ਵਿੱਚ ਮੌਸਮ ਤੇਜ਼ੀ ਨਾਲ ਕਰਵਟ ਲੈ ਰਿਹਾ ਹੈ। ਇਸ ਦੇ ਨਾਲ ਹੀ ਤਾਪਮਾਨ ਨਿੱਤ ਨਵੇਂ ਰਿਕਾਰਡ ਬਣਾ ਰਿਹਾ ਹੈ। ਫਰਵਰੀ ਵਿੱਚ ਗਰਮੀ ਨੇ ਸਾਲ 2015 ਦਾ ਰਿਕਾਰਡ ਤੋੜ ਦਿੱਤਾ ਹੈ। ਸਾਲ 2015 ਵਿੱਚ 26 ਡਿਗਰੀ ਤੱਕ ਤਾਪਮਾਨ ਦਰਜ ਕੀਤਾ ਗਿਆ ਸੀ ਪਰ ਹੁਣ ਇਹ 27.9 ਡਿਗਰੀ ਤੱਕ ਪਹੁੰਚ ਗਿਆ ਹੈ।


ਦੱਸ ਦਈਏ ਕਿ ਸਾਲ 2015 ਵਿੱਚ ਫਰਵਰੀ ਵਿੱਚ ਦਿਨ ਦਾ ਤਾਪਮਾਨ 26 ਡਿਗਰੀ ਤੱਕ ਪਹੁੰਚ ਗਿਆ ਸੀ। ਇਸ ਵਾਰ ਇਹ 27.9 ਡਿਗਰੀ ਤੱਕ ਪਹੁੰਚ ਗਿਆ ਹੈ। ਇਹ ਪਿਛਲੇ 11 ਸਾਲਾਂ ਵਿੱਚ ਸਭ ਤੋਂ ਵੱਧ ਤਾਪਮਾਨ ਹੈ। ਆਮ ਤੌਰ 'ਤੇ ਫਰਵਰੀ 'ਚ ਰਾਤ ਦਾ ਤਾਪਮਾਨ 12 ਡਿਗਰੀ ਹੁੰਦਾ ਹੈ, ਜੋ ਐਤਵਾਰ ਰਾਤ ਨੂੰ 15.5 ਡਿਗਰੀ 'ਤੇ ਪਹੁੰਚ ਗਿਆ। ਸੋਮਵਾਰ ਨੂੰ ਬੱਦਲ ਛਾਏ ਰਹੇ ਧੁੱਪ ਘੱਟ ਹੀ ਸੀ। ਇਸ ਦੇ ਬਾਵਜੂਦ ਤਾਪਮਾਨ ਵੱਧ ਰਿਹਾ।


ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੀ ਰਿਪੋਰਟ ਅਨੁਸਾਰ ਹੁਣ ਤਾਪਮਾਨ ਵਿੱਚ ਵਾਧੇ ਦਾ ਸਿਲਸਿਲਾ ਜਾਰੀ ਰਹੇਗਾ। ਤਾਪਮਾਨ ਆਮ ਨਾਲੋਂ ਵੱਧ ਦਰਜ ਕੀਤਾ ਜਾ ਰਿਹਾ ਹੈ। ਉਂਝ ਪਾਕਿਸਤਾਨ ਦੇ ਇੱਕ ਹਿੱਸੇ ਵਿੱਚ ਘੱਟ ਦਬਾਅ ਵਾਲਾ ਖੇਤਰ ਬਣਿਆ ਹੈ, ਜਿਸ ਕਾਰਨ ਬੂੰਦਾ-ਬਾਂਦੀ ਹੋਣ ਦੀ ਸੰਭਾਵਨਾ ਹੈ। ਇਸ ਨਾਲ ਤਾਪਮਾਨ ਹੇਠਾਂ ਆ ਸਕਦਾ ਹੈ।


ਹਾਸਲ ਜਾਣਕਾਰੀ ਮੁਤਾਬਕ ਸਾਲ 2011 ਤੋਂ ਲੈ ਕੇ ਹੁਣ ਤੱਕ ਜਲੰਧਰ ਵਿੱਚ ਫਰਵਰੀ ਮਹੀਨੇ ਦਾ ਔਸਤ ਤਾਪਮਾਨ 5.9 ਡਿਗਰੀ ਵੱਧ ਗਿਆ ਹੈ। ਸਾਲ 2011 'ਚ ਫਰਵਰੀ 'ਚ ਆਮ ਦਿਨ ਦਾ ਤਾਪਮਾਨ 22 ਡਿਗਰੀ ਸੀ, ਜੋ 23 ਤੋਂ 25 ਡਿਗਰੀ 'ਤੇ ਚਲਾ ਗਿਆ ਹੈ। ਇਸ ਦੌਰਾਨ 2015 ਵਿੱਚ ਵੀ ਇਹ 26 ਡਿਗਰੀ ਤੱਕ ਪਹੁੰਚ ਗਿਆ ਸੀ। ਹੁਣ ਇਹ ਰਿਕਾਰਡ ਟੁੱਟ ਗਿਆ ਹੈ।


ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਪੰਜਾਬ ਤੇ ਹਰਿਆਣਾ ਵਿੱਚ ਅੱਜ ਘੱਟੋ-ਘੱਟ ਤਾਪਮਾਨ ਆਮ ਨਾਲੋਂ ਕਈ ਡਿਗਰੀ ਵਧ ਰਿਹਾ। ਸ਼ਿਮਲਾ ਵਿੱਚ ਫਰਵਰੀ ਦਾ ਦਿਨ 17 ਸਾਲਾਂ ਵਿੱਚ ਸਭ ਤੋਂ ਗਰਮ ਰਿਹਾ। ਇੱਥੇ ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ ਪੰਜਾਬ ਦੇ ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 16.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 9 ਡਿਗਰੀ ਵੱਧ ਹੈ, ਜਦੋਂਕਿ ਲੁਧਿਆਣਾ ਦਾ ਘੱਟੋ-ਘੱਟ ਤਾਪਮਾਨ 14.8 ਡਿਗਰੀ ਸੈਲਸੀਅਸ ਰਿਹਾ, ਜੋ ਆਮ ਨਾਲੋਂ ਛੇ ਡਿਗਰੀ ਵੱਧ ਹੈ। ਪਟਿਆਲਾ ਵਿੱਚ ਘੱਟੋ-ਘੱਟ ਤਾਪਮਾਨ 14.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਪੰਜ ਡਿਗਰੀ ਵੱਧ ਹੈ, ਜਦਕਿ ਪਠਾਨਕੋਟ ਦਾ ਘੱਟੋ-ਘੱਟ ਤਾਪਮਾਨ 15.4 ਡਿਗਰੀ ਸੈਲਸੀਅਸ ਰਿਹਾ। ਬਠਿੰਡਾ ਵਿੱਚ ਘੱਟੋ-ਘੱਟ ਤਾਪਮਾਨ 11.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਤਿੰਨ ਡਿਗਰੀ ਵੱਧ ਹੈ, ਜਦੋਂ ਕਿ ਫਰੀਦਕੋਟ ਤੇ ਗੁਰਦਾਸਪੁਰ ਵਿੱਚ ਘੱਟੋ-ਘੱਟ ਤਾਪਮਾਨ 14.6 ਤੇ 12 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।