ਗੁਰਦਾਸਪੁਰ: ਜਿਲ੍ਹਾ ਗੁਰਦਾਸਪੁਰ ਦੇ ਹਰਚੋਵਾਲ ਕਸਬੇ ਵਿੱਚ ਕਿਸਾਨ ਮੋਰਚਾ ਔਲਖ ਵਲੋਂ ਗੁਰਦੁਆਰਾ ਬੋਹੜੀ ਸਾਹਿਬ ਵਿਖੇ ਇੱਕ ਮੀਟਿੰਗ ਕੀਤੀ ਗਈ। ਜਿਸ ਵਿਚ ਸੈਂਕੜੇ ਕਿਸਾਨ ਸ਼ਾਮਲ ਹੋਏ ਅਤੇ ਇਹ ਕਿਸਾਨ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਕਰਨ ਲਈ ਲਾਮਬੰਦ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਏਕਤਾ ਸਮੂਹ ਦੇ ਪ੍ਰਧਾਨ ਸੋਨੂੰ ਔਲਖ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨ ਵਿਰੋਧੀ ਬਿੱਲ ਪਾਸ ਕਰਕੇ ਕਿਸਾਨਾਂ ਨਾਲ ਬਹੁਤ ਧੋਖਾ ਕੀਤਾ ਹੈ।

ਉਨ੍ਹਾਂ ਕਿਹਾ ਕਿ ਇਸ ਦੇ ਵਿਰੋਧ ਵਿੱਚ 23 ਸਤੰਬਰ ਵੀਰਵਾਰ ਨੂੰ ਗੁਰਦਾਸਪੁਰ-ਹੁਸ਼ਿਆਰਪੁਰ ਸੜਕ ਨੂੰ ਹਰਚੋਵਾਲ ਚੌਕ ਵਿੱਚ ਕਾਲੇ ਝੰਡਿਆਂ ਨਾਲ ਜਾਮ ਕੀਤਾ ਜਾਵੇਗਾ ਅਤੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਬਿੱਲਾਂ ਨੂੰ ਰੱਦ ਕਰਨ ਲਈ ਹਰ ਕੋਸ਼ਿਸ਼ ਕੀਤੀ ਜਾਏਗੀ।



ਇਸ ਮੌਕੇ ਉਨ੍ਹਾਂ ਕਿਹਾ ਕਿ ਪਾਸ ਕੀਤੇ ਬਿੱਲਾਂ ਤੋਂ ਇਲਾਵਾ ਸ੍ਰੀ ਹਰਗੋਬਿੰਦਪੁਰ ਤੋਂ ਗੁਰਦਾਸਪੁਰ ਅਤੇ ਹਰਚੋਵਾਲ ਤੋਂ ਕੀੜੀ ਸ਼ੂਗਰ ਮਿੱਲ ਵਾਲੀ ਸੜਕ ਦੀ ਮੁਰਮਤ ਲਈ ਅਤੇ ਕੀੜੀ ਸ਼ੁਗਰ ਮਿਲ ਵਲੋਂ ਕਿਸਾਨਾਂ ਨੂੰ ਅਦਾਇਗੀ ਦੇ ਮੁੱਦੇ ਨੂੰ ਵੀ ਧਰਨੇ ਦੌਰਾਨ ਉਠਾਇਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਧਰਨੇ ਪ੍ਰਦਰਸ਼ਨਾਂ ਨੂੰ ਇਸ ਤਰੀਕੇ ਨਾਲ ਤਿੱਖਾ ਕੀਤਾ ਜਾਵੇਗਾ ਕਿ ਕੇਂਦਰ ਸਰਕਾਰ ਬਿੱਲਾਂ ਨੂੰ ਵਾਪਸ ਲੈਣ ਲਈ ਮਜ਼ਬੂਰ ਹੋ ਜਾਵੇਗੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904