ਕਪੂਰਥਲਾ: ਜ਼ਿਲ੍ਹਾ ਕਪੂਰਥਲਾ ਦੇ ਪਿੰਡ ਨਿਜਾਮਪੁਰ ਦੇ ਗੁਰਦੁਆਰਾ ਸਾਹਿਬ 'ਚ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਨੂੰ ਗੁੱਸੇ 'ਚ ਆਏ ਲੋਕਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਫਿਲਹਾਲ ਪੁਲਿਸ ਲਾਸ਼ ਨੂੰ ਸਿਵਲ ਹਸਪਤਾਲ ਲੈ ਗਈ ਹੈ।


ਜ਼ਿਕਰਯੋਗ ਹੈ ਕਿ ਪਿਛਲੇ 24 ਘੰਟਿਆਂ ਅੰਦਰ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਦਰਬਾਰ ਸਾਹਿਬ ਅੰਮ੍ਰਿਤਰ ਵਿਖੇ ਵੀ ਨੌਜਵਾਨ ਵੱਲੋਂ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।ਜਿਸ ਨੂੰ ਭੀੜ ਨੇ ਕੁੱਟਮਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ।



ਦੱਸ ਦਈਏ ਕਿ ਕਪੂਰਥਲਾ ਦੇ ਪਿੰਡ ਨਿਜ਼ਾਮਪੁਰ ਪੁਲਿਸ ਚੌਕੀ ਦੇ ਸਾਹਮਣੇ ਸਥਿਤ ਨਿਸ਼ਾਨ ਸਾਹਿਬ ਨੂੰ ਐਤਵਾਰ ਤੜਕੇ 4 ਵਜੇ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਗੁਰਦੁਆਰਾ ਸਾਹਿਬ ਵਿਖੇ ਨਿਤਨੇਮ ਕਰਨ ਆਈ ਸੰਗਤ ਨੇ ਇੱਕ ਵਿਅਕਤੀ ਨੂੰ ਬੇਅਦਬੀ ਕਰਦੇ ਫੜ ਲਿਆ ਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪੁਲਿਸ ਨੇ ਉਸ ਵਿਅਕਤੀ ਨੂੰ ਸਿੱਖ ਸੰਗਤ ਦੇ ਚੁੰਗਲ ਵਿੱਚੋਂ ਛੁਡਵਾ ਕੇ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ, ਪਰ ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ।



ਸੰਗਤ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਨੇ ਦੱਸਿਆ ਹੈ ਕਿ ਉਨ੍ਹਾਂ ਦੀ 9 ਵਿਅਕਤੀਆਂ ਦੀ ਟੀਮ ਦਿੱਲੀ ਤੋਂ ਆਈ ਸੀ। ਨੌਜਵਾਨ ਨੇ ਦੱਸਿਆ ਕਿ ਉਸ ਦੀ ਭੈਣ ਵੀ ਬੇਅਦਬੀ ਕਰਨ ਆਈ ਸੀ ਪਰ ਉਹ ਨਾ ਤਾਂ ਆਪਣਾ ਨਾਂ ਦੱਸ ਰਿਹਾ ਸੀ ਤੇ ਨਾ ਹੀ ਆਪਣੀ ਭੈਣ ਦਾ ਨਾਂ ਹੀ ਦੱਸਿਆ। 


ਹਾਸਲ ਜਾਣਕਾਰੀ ਮੁਤਾਬਕ ਕਪੂਰਥਲਾ ਦੇ ਪਿੰਡ ਨਿਜ਼ਾਮਪੁਰ ਵਿੱਚ ਅੱਜ ਤਕੜਸਾਰ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ। ਪਿੰਡ ਦੇ ਗੁਰਦੁਆਰਾ ਦੇ ਗ੍ਰੰਥੀ ਸਿੰਘ ਬਾਬਾ ਅਮਰਜੀਤ ਸਿੰਘ ਨੇ ਇਸ ਘਟਨਾ ਬਾਰੇ ਸ਼ੋਸ਼ਲ ਮੀਡੀਆ ’ਤੇ ਵੀਡੀਓ ਪਾ ਕੇ ਇਲਾਕੇ ਦੀਆਂ ਸੰਗਤਾਂ ਨੂੰ ਜਾਣਕਾਰੀ ਦਿੱਤੀ ਤੇ ਉਥੇ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ। 


ਹਾਲਾਂ ਕਿ ਉਥੇ ਨੇੜਲੇ ਥਾਣੇ ਸੁਭਾਨਪੁਰ ਤੋਂ ਪੁਲੀਸ ਪਹੁੰਚ ਗਈ ਸੀ ਪਰ ਲੋਕਾਂ ਨੇ ਫੜੇ ਮੁਲਜ਼ਮ ਨੂੰ ਪੁਲਿਸ ਹਵਾਲੇ ਨਹੀਂ ਕੀਤਾ। ਉਧਰ ਐਸਐਸਪੀ ਹਰਕੰਵਲਪ੍ਰੀਤ ਸਿੰਘ ਖੱਖ ਇਸ ਨੂੰ ਚੋਰੀ ਦਾ ਮਾਮਲਾ ਦੱਸ ਰਹੇ ਹਨ। ਗੁੱਸੇ ਵਿੱਚ ਆਏ ਲੋਕਾਂ ਨੇ ਨੈਸ਼ਨਲ ਹਾਈਵੇ ’ਤੇ ਜਾਮ ਲਾ ਦਿੱਤਾ। ਜਾਮ ਲੱਗਣ ਨਾਲ ਗੱਡੀਆਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। 



ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਾਗੀਰ ਕੌਰ, ਮੈਂਬਰ ਪਰਮਜੀਤ ਸਿੰਘ ਰਾਏਪੁਰ ਤੇ ਜਰਨੈਲ ਸਿੰਘ ਡੋਗਰਾਵਾਲਾ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਤੇ ਇਸ ਨੂੰ ਡੂੰਘੀ ਸਾਜ਼ਿਸ਼ ਦੱਸਿਆ ਹੈ। ਗ੍ਰੰਥੀ ਸਿੰਘ ਬਾਬਾ ਅਮਰਜੀਤ ਸਿੰਘ ਨੇ ਕਿਹਾ ਕਿ ਇਹ ਵਿਅਕਤੀ ਤੜਕੇ 4 ਵਜੇ ਦੇ ਕਰੀਬ ਗੁਰਦੁਆਰੇ ਵਿੱਚ ਦੇਖਿਆ ਗਿਆ ਤੇ ਇਸ ਨੂੰ ਜਦੋਂ ਉਨ੍ਹਾਂ ਫੜ੍ਹਨ ਦੀ ਕੋਸ਼ਿਸ਼ ਕੀਤੀ ਤਾਂ ਉਹ ਭੱਜ ਗਿਆ। 


ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ। ਫੜੇ ਗਏ ਮੁਲਜ਼ਮ ਦੀ ਲੋਕਾਂ ਨੇ ਕੁੱਟਮਾਰ ਕੀਤੀ ਤੇ ਪੁੱਛ ਪੜਤਾਲ ਕੀਤੀ ਪਰ ਇਸ ਨੇ ਹਾਲੇ ਤੱਕ ਸਿਰਫ ਇਹੀ ਦੱਸਿਆ ਹੈ ਕਿ ਉਹ ਦਿੱਲੀ ਦਾ ਰਹਿਣ ਵਾਲਾ ਹੈ।