ਚੰਡੀਗੜ੍ਹ: ਪੰਜਾਬ ਦੇ ਕਿਸਾਨ ਅੱਜ 3 ਘੰਟੇ ਲਈ ਰੇਲਵੇ ਟਰੈਕ ਜਾਮ ਕਰਨ ਜਾ ਰਹੇ ਹਨ। ਕਿਸਾਨ ਜਥੇਬੰਦੀਆਂ ਵੱਲੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਵਿਰੋਧ ਮੁਸ਼ਤਰਕਾ ਮਲਕਣ ਜ਼ਮੀਨਾਂ ਲਈ ਕਾਮਨ ਵਿਲੇਜ ਲੈਂਡ ਐਕਟ 1961 ਵਿੱਚ ਕੀਤੀ ਗਈ ਸੋਧ ਦੇ ਵਿਰੁੱਧ ਹੈ। ਅੰਮ੍ਰਿਤਸਰ 'ਚ ਕਿਸਾਨ ਵੱਲਾ ਫਾਟਕ 'ਤੇ ਇਕੱਠੇ ਹੋ ਕੇ ਪਟੜੀ 'ਤੇ ਬੈਠਣਗੇ। ਇਸ ਕਾਰਨ 25 ਤੋਂ ਵੱਧ ਟ੍ਰੇਨਾਂ ਪ੍ਰਭਾਵਿਤ ਹੋਣ ਜਾ ਰਹੀਆਂ ਹਨ।
ਕਿਸਾਨਾਂ ਦਾ ਦੋਸ਼ ਹੈ ਕਿ ਇਸ ਐਕਟ ਵਿੱਚ ਸੋਧ ਕਰਕੇ ਸਰਕਾਰ ਆਉਣ ਵਾਲੇ ਸਮੇਂ ਵਿੱਚ ਜ਼ਮੀਨ ਨਿੱਜੀ ਵੱਡੇ ਘਰਾਣਿਆਂ ਨੂੰ ਦੇ ਸਕਦੀ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਉਹ ਸਵੇਰੇ ਕਰੀਬ 10 ਵਜੇ ਵੱਲਾ ਫਾਟਕ ਨੇੜੇ ਇਕੱਠੇ ਹੋਣਗੇ। ਕਿਸਾਨ 12 ਵਜੇ ਰੇਲਵੇ ਟ੍ਰੈਕ 'ਤੇ ਬੈਠਣਗੇ ਅਤੇ ਕਰੀਬ 3 ਵਜੇ ਤੱਕ ਸੂਬਾ ਅਤੇ ਕੇਂਦਰ ਸਰਕਾਰਾਂ ਖਿਲਾਫ ਰੋਸ ਪ੍ਰਦਰਸ਼ਨ ਕਰਨਗੇ।
ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਪਹਿਲਾਂ ਕਿਸਾਨਾਂ ਦਾ ਗੁੱਸਾ ਕੇਂਦਰ ਵਿਰੁੱਧ ਸੀ ਪਰ ਹੁਣ ਪੰਜਾਬ ਸਰਕਾਰ ਵੀ ਉਸੇ ਰਾਹ ’ਤੇ ਚੱਲ ਰਹੀ ਹੈ। ਸਰਕਾਰ ਨੇ ਕਾਮਨ ਵਿਲੇਜ ਲੈਂਡ ਐਕਟ 1961 ਵਿੱਚ ਸੋਧ ਕੀਤੀ ਹੈ। ਇਸ ਤਹਿਤ ਮੁਸ਼ਤਰਕਾ ਮਲਕਣ ਦੀਆਂ ਜ਼ਮੀਨਾਂ ਦੀ ਮਲਕੀਅਤ ਪੰਚਾਇਤ ਨੂੰ ਦੇਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ