Punjab News: ਅੱਜ ਕੱਲ ਵਿਦੇਸ਼ ਜਾਣ ਦਾ ਤਕਰੀਬਨ ਹਰ ਕੋਈ ਚਾਹਵਾਨ ਹੈ। ਕੀ ਗ਼ਰੀਬ ਤੇ ਕੀ ਅਮੀਰ ਹਰ ਕੋਈ ਆਪਣੇ ਵਧੀਆ ਭਵਿੱਖ ਲਈ ਵਿਦੇਸ਼ਾਂ ਵਿੱਚ ਜਾ ਕੇ ਸੈਟਲ ਹੋਣਾ ਚਾਹੁੰਦਾ ਹੈ। ਵਿਦੇਸ਼ ਜਾਣ ਦੀ ਹੋੜ ਵਿੱਚ ਕਈ ਲੋਕਾਂ ਨਾਲ ਏਜੰਟਾਂ ਵੱਲੋਂ ਧੋਖਾ ਵੀ ਕੀਤਾ ਜਾਂਦਾ ਹੈ। ਇਸੇ ਤਰਾਂ ਦਾ ਇੱਕ ਮਾਮਲਾ ਮਾਛੀਵਾੜਾ ਸਾਹਿਬ ਤੋਂ ਸਾਹਮਣੇ ਆਇਆ। ਜਿੱਥੇ ਇੱਕ ਟ੍ਰੈਵਲ ਏਜੰਟ ਵੱਲੋਂ ਕੈਨੇਡਾ ਭੇਜਣ ਲਈ ਕਰੀਬ 20 ਤੋਂ ਵੱਧ ਪਰਿਵਾਰਾਂ ਤੋਂ 70 ਲੱਖ ਰੁਪਏ ਠੱਗਣ ਮਾਰੀ ਗਈ। ਟ੍ਰੈਵਲ ਏਜੰਟ ਵੱਲੋਂ ਇਨ੍ਹਾਂ ਪਰਿਵਾਰਾਂ ਦੇ ਪੈਸੇ ਨਾ ਵਾਪਸ ਕਰਨ ਤੇ ਟ੍ਰੈਵਲ ਏਜੰਟ ਦੀ ਕੋਠੀ ਦੇ ਬਾਹਰ ਪੀੜਤ ਪਰਿਵਾਰਾਂ ਵੱਲੋਂ ਪੱਕੇ ਤੌਰ ਤੇ ਧਰਨਾ ਲਾ ਦਿੱਤਾ ਗਿਆ।


ਧਰਨੇ 'ਤੇ ਬੈਠੇ ਪਰਿਵਾਰਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਕੈਨੇਡਾ ਜਾਣ ਲਈ ਇੱਥੋਂ ਦੇ ਨਿਵਾਸੀ ਪਤੀ-ਪਤਨੀ ਕਮਲਜੀਤ ਸਿੰਘ ਤੇ ਸਤਵਿੰਦਰ ਕੌਰ ਨੂੰ ਪੇਸ਼ਗੀ ਵਜੋਂ ਲੱਖਾਂ ਰੁਪਏ ਦਿੱਤੇ ਪਰ ਉਨ੍ਹਾਂ ਦਾ ਵੀਜ਼ਾ ਨਹੀਂ ਲੱਗਿਆ। ਇਨ੍ਹਾਂ ਪੀੜਤ ਪਰਿਵਾਰਾਂ ਨੇ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਜਿਸ ’ਤੇ ਕੇਵਲ ਰਾਜਪਾਲ ਸਿੰਘ ਦੀ ਸ਼ਿਕਾਇਤ ’ਤੇ ਸਤਵਿੰਦਰ ਕੌਰ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਗਿਆ ਜਦਕਿ ਬਾਕੀ ਵਿਅਕਤੀਆਂ ਦੀਆਂ ਸ਼ਿਕਾਇਤਾਂ ਦੀ ਜਾਂਚ ਚੱਲ ਰਹੀ ਹੈ। 


ਧਰਨਾਕਾਰੀਆਂ ਨੇ ਕਿਹਾ ਕਿ ਪਰਚਾ ਦਰਜ ਹੋਣ ਤੋਂ ਬਾਅਦ ਪੁਲਿਸ ਨੇ ਸਤਵਿੰਦਰ ਕੌਰ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਅਤੇ ਨਾ ਹੀ ਬਾਕੀ ਧੋਖਾਧੜੀ ਦਾ ਸ਼ਿਕਾਰ ਹੋਏ ਵਿਅਕਤੀਆਂ ਦੀ ਸ਼ਿਕਾਇਤ ’ਤੇ ਮਾਮਲੇ ਦਰਜ ਕੀਤੇ ਗਏ। ਧਰਨਾਕਾਰੀਆਂ ਨੇ ਦੱਸਿਆ ਕਿ ਟ੍ਰੈਵਲ ਏਜੰਟ ਪਤੀ-ਪਤਨੀ ਉਨ੍ਹਾਂ ਨੂੰ ਕੁਝ ਦਿਨਾਂ ਤੋਂ ਲਾਰੇ ਲਗਾ ਰਹੇ ਸਨ ਕਿ ਉਹ ਪੈਸੇ ਵਾਪਸ ਦੇ ਦੇਣਗੇ।


ਧਰਨਾਕਾਰੀਆਂ ਅਨੁਸਾਰ ਅਖੀਰ ਉਨ੍ਹਾਂ ਨੂੰ ਅੱਜ ਇਨਸਾਫ਼ ਲਈ ਪੱਕੇ ਤੌਰ ’ਤੇ ਏਜੰਟ ਦੀ ਕੋਠੀ ਬਾਹਰ ਧਰਨਾ ਲਗਾਉਣਾ ਪਿਆ। ਕਈ ਪੀੜਤ ਪਰਿਵਾਰਾਂ ਨੇ ਦੱਸਿਆ ਕਿ ਉਨ੍ਹਾਂ ਵਿਦੇਸ਼ ਜਾਣ ਲਈ ਆਪਣੇ ਗਹਿਣੇ, ਜਮੀਨਾਂ ਆਦਿ ਗਿਰਵੀ ਤੇ ਵਿਆਜ ’ਤੇ ਚੁੱਕ ਕੇ ਇਸ ਟ੍ਰੈਵਲ ਏਜੰਟ ਨੂੰ ਦਿੱਤੇ ਪਰ ਨਾ ਉਹ ਵਿਦੇਸ਼ ਜਾ ਸਕੇ ਅਤੇ ਨਾ ਹੀ ਪੈਸੇ ਵਾਪਸ ਮਿਲ ਰਹੇ ਹਨ। ਧਰਨਾਕਾਰੀਆਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ ਉਦੋਂ ਤੱਕ ਉਹ ਕੋਠੀ ਬਾਹਰ ਧਰਨਾ ਜਾਰੀ ਰੱਖਣਗੇ।


ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਟ੍ਰੈਵਲ ਏਜੰਟ ਦੇ ਕੋਠੀ ਬਾਹਰ ਧਰਨਾ ਲਗਾ ਕੇ ਬੈਠੇ ਪੀੜਤ ਪਰਿਵਾਰਾਂ ਦੇ ਹੱਕ ਵਿਚ ਆਏ। ਇਸ ਮੌਕੇ ਹਲਕਾ ਇੰਚਾਰਜ ਜਤਿੰਦਰ ਸਿੰਘ ਬਿਜਲੀਪੁਰ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਠੱਗੀ ਮਾਰਨ ਵਾਲੇ ਟ੍ਰੈਵਲ ਏਜੰਟ ਖਿਲਾਫ਼ ਸਖ਼ਤ ਕਾਰਵਾਈ ਕਰ ਉਨ੍ਹਾਂ ਨੂੰ ਤੁਰੰਤ ਗ੍ਰਿਫ਼ਤਾਰ ਕਰੇ। ਉਨ੍ਹਾਂ ਕਿਹਾ ਕਿ ਇਹ ਪੀੜਤ ਪਰਿਵਾਰ ਇਨਸਾਫ਼ ਲਈ ਅੱਜ ਧਰਨਾ ਲਗਾ ਕੇ ਬੈਠੇ ਹਨ ਅਸੀਂ ਇਹਨਾਂ ਨੂੰ ਇਨਸਾਫ਼ ਦਿਵਾਉਣ ਲਈ ਆਏ ਹਾਂ ਅਤੇ ਅਕਾਲੀ ਦਲ ਅੰਮ੍ਰਿਤਸਰ ਉਨ੍ਹਾਂ ਦਾ ਸਾਥ ਦੇ ਰਿਹਾ ਹੈ।


ਦੂਜੇ ਪਾਸੇ ਟ੍ਰੈਵਲ ਏਜੰਟ ਦੇ ਪਤੀ ਨੇ ਕਿਹਾ ਕਿ ਉਸਦੀ ਪਤਨੀ ਹੀ ਵਿਦੇਸ਼ ਭੇਜਣ ਦੇ ਨਾਮ ’ਤੇ ਪੈਸੇ ਲੈਂਦੀ ਸੀ ਅਤੇ ਜਦੋਂ ਹੁਣ ਵਿਵਾਦ ਖੜ੍ਹਾ ਹੋ ਗਿਆ ਤਾਂ ਉਹ ਆਪਣੀ ਪਤਨੀ ਨੂੰ ਜਲੰਧਰ ਛੱਡ ਆਇਆ। ਉਸ ਨੇ ਕਿਹਾ ਕਿ ਉਸਦੀ ਟ੍ਰੈਵਲ ਏਜੰਟ ਪਤਨੀ ਨੇ ਉਸਦੇ ਆਪਣੇ ਚੈੱਕ ਵੀ ਲੋਕਾਂ ਨੂੰ ਦਿੱਤੇ ਹੋਏ ਹਨ ਜਿਸ ਤੋਂ ਉਹ ਖੁਦ ਪ੍ਰੇਸ਼ਾਨ ਹੈ।