Punjab Police On High Alert For 75th Independence Day: 75ਵੇਂ ਸੁਤੰਤਰਤਾ ਦਿਹਾੜੇ ਨੂੰ ਲੈ ਕੇ ਸਾਰੇ ਦੇਸ਼ ਵਾਸੀਆਂ `ਚ ਜੋਸ਼ ਤੇ ਉਤਸ਼ਾਹ ਹੈ ਪਰ ਇਸ ਦੇ ਨਾਲ ਨਾਲ ਗੁਆਂਢੀ ਦੇਸ਼ ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਨੂੰ ਰੋਕਣ ਲਈ ਹੁਣ ਪੰਜਾਬ ਪੁਲਿਸ ਨੇ ਕਮਰ ਕੱਸ ਲਈ ਹੈ। ਇਸ ਤਹਿਤ ਵੀਰਵਾਰ ਦੀ ਰਾਤ ਨੂੰ ਪੰਜਾਬ ਦੇ ਸਰਹੱਦੀ ਇਲਾਕਿਆਂ `ਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਬੀਐਸਐਫ਼ ਦੀ ਫ਼ੋਰਸ ਵੀ ਪੰਜਾਬ ਪੁਲਿਸ ਦਾ ਸਾਥ ਦਿੰਦੀ ਨਜ਼ਰ ਆਈ।


ਏਡੀਜੀਪੀ ਲਾਅ ਐਂਡ ਆਰਡਰ ਨਰੇਸ਼ ਕੁਮਾਰ ਦੀ ਦੇਖ-ਰੇਖ ਹੇਠ ਇਹ ਸਰਚ ਆਪਰੇਸ਼ਨ 7 ਜ਼ਿਲ੍ਹਿਆਂ ਵਿੱਚ ਇੱਕੋ ਸਮੇਂ ਚਲਾਇਆ ਗਿਆ, ਜਿਸ ਵਿੱਚ 2500 ਪੁਲਿਸ ਮੁਲਾਜ਼ਮਾਂ ਨੇ 100 ਨਾਕੇ ਲਾਏ। ਏਡੀਜੀਪੀ ਨਰੇਸ਼ ਕੁਮਾਰ ਨੇ ਦੱਸਿਆ ਕਿ ਨਾਕੇ ਹੁਣ ਰੋਜ਼ਾਨਾ ਲਗਾਏ ਜਾਣਗੇ, ਤਾਂ ਜੋ ਪਾਕਿਸਤਾਨ ਵਾਲੇ ਪਾਸੇ ਤੋਂ ਡਰੋਨ ਦੀ ਆਵਾਜਾਈ ਤੇ ਸਰਹੱਦ 'ਤੇ ਹਰਕਤ 'ਤੇ ਨਜ਼ਰ ਰੱਖੀ ਜਾ ਸਕੇ।


 


ਰਾਤ ਦੀ ਕਾਰਵਾਈ ਵਿੱਚ ਪੰਜਾਬ ਦੇ 550 ਕਿਲੋਮੀਟਰ ਦੇ ਸਰਹੱਦੀ ਖੇਤਰ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਫਿਰੋਜ਼ਪੁਰ ਤੇ ਫਾਜ਼ਿਲਕਾ ਜ਼ਿਲ੍ਹਿਆਂ ਵਿੱਚ 7 ​​ਆਈਜੀ ਰੈਂਕ ਦੇ ਅਧਿਕਾਰੀ ਤਾਇਨਾਤ ਕੀਤੇ ਗਏ ਸਨ, ਜਿਨ੍ਹਾਂ ਨੇ ਸਥਾਨਕ ਅਧਿਕਾਰੀਆਂ ਨਾਲ ਮਿਲ ਕੇ ਰਾਤ ਸਮੇਂ ਨਾਕਿਆਂ ਦੀ ਨਿਗਰਾਨੀ ਕੀਤੀ ਤੇ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ।


ਏਡੀਜੀਪੀ ਨਰੇਸ਼ ਕੁਮਾਰ ਦੇ ਨਾਲ, ਆਈਜੀ ਬਾਰਡਰ ਰੇਂਜ ਮੋਨੀਸ਼ ਚਾਵਲਾ ਅਤੇ ਐਸਐਸਪੀ ਦਿਹਾਤੀ ਸਵਪਨਾ ਸ਼ਰਮਾ ਨੇ ਰਾਤ ਸਮੇਂ ਅੰਮ੍ਰਿਤਸਰ ਦੇ ਬਲਾਕਾਂ ਦੀ ਚੈਕਿੰਗ ਕੀਤੀ। ਏਡੀਜੀਪੀ ਨਰੇਸ਼ ਕੁਮਾਰ ਨੇ ਦੱਸਿਆ ਕਿ ਇਹ ਨਾਕੇ ਰੋਜ਼ਾਨਾ ਲਗਾਏ ਜਾਣਗੇ ਤੇ ਇਨ੍ਹਾਂ ਦੀ ਲੋਕੇਸ਼ਨ ਬਦਲੀ ਜਾਵੇਗੀ। ਇਸ ਤਲਾਸ਼ੀ ਅਤੇ ਨਾਕਾਬੰਦੀ ਦਾ ਮਕਸਦ ਪਾਕਿਸਤਾਨ ਸਰਹੱਦ 'ਤੇ ਡਰੋਨਾਂ ਰਾਹੀਂ ਆਉਣ ਵਾਲੇ ਹਥਿਆਰਾਂ ਅਤੇ ਨਸ਼ਿਆਂ ਨੂੰ ਪੰਜਾਬ 'ਚ ਦਾਖਲ ਹੋਣ ਤੋਂ ਰੋਕਣਾ ਹੈ, ਤਾਂ ਜੋ ਸਪਲਾਈ ਚੇਨ ਨੂੰ ਤੋੜਿਆ ਜਾ ਸਕੇ।


ਭਾਰਤ ਇਸ ਸਾਲ 15 ਅਗਸਤ ਨੂੰ ਅੰਮ੍ਰਿਤ ਮਹੋਤਸਵ ਵਜੋਂ ਮਨਾ ਰਿਹਾ ਹੈ। ਅਜਿਹੇ ਵਿੱਚ ਪਾਕਿਸਤਾਨ ਵੱਲੋਂ ਡਰੋਨ ਦੀ ਆਵਾਜਾਈ ਵਿੱਚ ਵਾਧਾ ਸੁਰੱਖਿਆ ਲਈ ਖ਼ਤਰਾ ਹੈ। ਜੁਲਾਈ-ਅਗਸਤ 2021 ਦੀ ਗੱਲ ਕਰੀਏ ਤਾਂ ਪਾਕਿਸਤਾਨ ਤੋਂ ਡਰੋਨ ਦੀ ਆਵਾਜਾਈ ਕਾਫੀ ਵਧ ਗਈ ਸੀ। ਉਸ ਸਮੇਂ 15 ਅਗਸਤ ਤੋਂ 7 ਦਿਨ ਪਹਿਲਾਂ 8 ਅਗਸਤ 2021 ਨੂੰ ਅਜਨਾਲਾ ਵਿੱਚ ਇੱਕ ਪੈਟਰੋਲ ਟੈਂਕਰ ਨੂੰ ਟਿਫਿਨ ਬੰਬ ਨਾਲ ਉਡਾ ਦਿੱਤਾ ਗਿਆ ਸੀ। ਪਿਛਲੇ ਕੁਝ ਸਮੇਂ ਵਿੱਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਪਾਕਿਸਤਾਨ ਤੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਖੇਪ ਭੇਜੀ ਜਾ ਰਹੀ ਹੈ।