ਅੰਮ੍ਰਿਤਸਰ: ਅੰਮ੍ਰਿਤਸਰ ਦੱਖਣੀ ਹਲਕੇ ਦੇ ਕਾਂਗਰਸੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਵੱਲੋਂ 7 ਸਤੰਬਰ ਨੂੰ ਅੰਮ੍ਰਿਤਸਰ ਸ਼ਹਿਰ 'ਚ ਵੱਡਾ ਧਮਾਕਾ ਕਰਨ ਦੇ ਲਾਏ ਹੋਰਡਿੰਗ ਤੋਂ ਬਾਅਦ ਸ਼ਹਿਰ ਦੀ ਰਾਜਨੀਤੀ ਪੂਰੀ ਤਰ੍ਹਾਂ ਗਰਮਾ ਗਈ ਹੈ। ਇੱਕ ਪਾਸੇ ਬੁਲਾਰੀਆ ਇਸ ਨੂੰ ਲੋਕ ਭਲਾਈ ਵੱਲ ਚੁੱਕਿਆ ਜਾਣ ਵਾਲਾ ਕਦਮ ਦੱਸ ਰਹੇ ਹਨ, ਉੱਥੇ ਹੀ ਵਿਰੋਧੀ ਦਲ ਤੇ ਖਾਸਕਰ ਅਕਾਲੀ ਦਲ ਬੁਲਾਰੀਆ ਨੂੰ ਪੂਰੀ ਤਰ੍ਹਾਂ ਘੇਰਨ 'ਚ ਲੱਗਾ ਹੈ।
ਅਕਾਲੀ ਦਲ ਅੰਮ੍ਰਿਤਸਰ ਦੱਖਣੀ ਹਲਕੇ ਦੇ ਇੰਚਾਰਜ ਤਲਬੀਰ ਗਿੱਲ ਨੇ ਆਖਿਆ ਕਿ ਬੁਲਾਰੀਆ ਨੇ ਕੀ ਕਰਨਾ, ਕੀ ਨਹੀਂ ਇਹ ਬਾਅਦ 'ਚ ਪਤਾ ਲੱਗੇਗਾ ਪਰ ਸਾਨੂੰ ਖਦਸ਼ਾ ਹੈ ਕਿ ਸੱਤ ਸਤੰਬਰ ਨੂੰ ਅਰਵਿੰਦ ਕੇਜਰੀਵਾਲ ਵੀ ਅੰਮ੍ਰਿਤਸਰ ਆ ਰਹੇ ਹਨ ਤੇ ਬੁਲਾਰੀਆ ਪਾਰਟੀ ਬਦਲਣ ਲੱਗੇ ਪੰਜ ਮਿੰਟ ਨਹੀਂ ਲਾਉਂਦਾ।
ਅਕਾਲੀ ਆਗੂ ਨੇ ਇਲਜਾਮ ਲਾਇਆ ਕਿ ਜੇਕਰ 15 ਸਾਲ ਹਲਕੇ 'ਚ ਕੋਈ ਕੰਮ ਕੀਤਾ ਹੁੰਦਾ ਤਾਂ ਅੱਜ ਹੋਰਡਿੰਗ ਨਾ ਲਾਉਣੇ ਪੈਂਦੇ। ਵੈਸੇ ਵੀ ਕੈਪਟਨ ਨੇ ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ ਨੂੰ ਥਾਪੜਾ ਦੇ ਦਿੱਤਾ ਹੈ ਤਾਂ ਬੁਲਾਰੀਆ ਹੁਣ ਆਪਣੀ ਸਿਆਸੀ ਜਮੀਨ ਤਲਾਸ਼ ਰਿਹਾ ਹੈ।
ਬੇਸ਼ੱਕ ਇਸ ਬਾਰੇ ਅਜੇ ਕੁਝ ਵੀ ਸਾਹਮਣੇ ਨਹੀਂ ਆਇਆ ਪਰ ਕਾਂਗਰਸ ਲਈ ਇਹ ਫਿਕਰ ਵਾਲੀ ਗੱਲ ਹੈ। ਪਹਿਲਾਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਕਾਰ ਤਣਾਅ ਚੱਲ ਰਿਹਾ ਹੈ। ਅਜਿਹੇ ਵਿੱਚ ਸਿੱਧੂ ਖੇਮੇ ਦੇ ਖਾਸ ਮੰਨੇ ਜਾਣ ਵਾਲੇ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦੀਆਂ ਸਰਗਮੀਆਂ ਸਭ ਠੀਕ ਨਹੀਂ ਦਾ ਸੰਕੇਤ ਦੇ ਰਹੀਆਂ ਹਨ।
ਦਰਅਸਲ ਬੁਲਾਰੀਆ ਦੇ ਵੱਲੋਂ ਪੂਰੇ ਅੰਮ੍ਰਿਤਸਰ ਸ਼ਹਿਰ ਵਿੱਚ ਹੋਰਡਿੰਗਜ਼ ਲਵਾਏ ਗਏ ਹਨ। ਉਨ੍ਹਾਂ ਉੱਪਰ ਲਿਖਿਆ ਹੈ ਕਿ ਉਹ 7 ਸਤੰਬਰ ਨੂੰ ਕੁਝ ਖ਼ਾਸ ਕਰਨ ਜਾ ਰਹੇ ਹਨ। ਹਾਲਾਂਕਿ ਬੁਲਾਰੀਆ ਖੁਦ ਇਸ ਮਾਮਲੇ 'ਤੇ ਕੁਝ ਨਹੀਂ ਬੋਲ ਰਹੇ। ਉਨ੍ਹਾਂ ਦੀ ਇਸ ਬੁਝਾਰਤ ਬਾਰੇ ਕਈ ਤਰ੍ਹਾਂ ਦੇ ਕਿਆਸ ਲਾਏ ਜਾ ਰਹੇ ਹਨ।