ਬਟਾਲਾ: ਅੱਜ ਹਾਕੀ ਟੀਮ ਦੇ ਪੰਜਾਬ ਦੇ ਖਿਡਾਰੀ ਮੁੜ ਆਪੋ-ਆਪਣੇ ਸ਼ਹਿਰਾਂ ਅਤੇ ਪਿੰਡਾਂ 'ਚ ਪਹੁੰਚੇ। ਹਾਕੀ ਖਿਡਾਰੀ ਸਿਮਰਨਜੀਤ ਸਿੰਘ ਜਦ ਸ਼ਹਿਰ ਬਟਾਲਾ ਪਹੁੰਚਿਆ ਤਾਂ ਉਸ ਦਾ ਵੱਖ-ਵੱਖ ਥਾਵਾਂ 'ਤੇ ਭਰਵਾਂ ਸਵਾਗਤ ਕੀਤਾ ਗਿਆ ਪਹਿਲਾਂ ਬਟਾਲਾ ਪੁਲਿਸ ਵੱਲੋਂ ਐਸਐਸਪੀ ਦਫਤਰ ਵਿਖੇ ਨਿੱਘਾ ਸਵਾਗਤ ਕਰਦੇ ਹੋਏ ਪੰਜਾਬ ਪੁਲਿਸ ਅਧਿਕਾਰੀਆਂ ਵੱਲੋਂ ਸਿਮਰਨਜੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ।


ਵਿਧਾਨ ਸਭਾ ਹਲਕਾ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਵੱਲੋਂ ਉਸ ਦਾ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਚਹਿਲ ਕਲਾਂ ਘਰ ਪਹੁੰਚੇ ਤਾਂ ਵਿਆਹ ਵਰਗਾ ਮਾਹੌਲ ਦੇਖਣ ਨੂੰ ਮਿਲਿਆ। ਪਿੰਡ ਵਾਸੀਆਂ ਅਤੇ ਪਰਿਵਾਰ ਵਾਲਿਆਂ ਵੱਲੋਂ ਸਿਮਰਨਜੀਤ ਦਾ ਸ਼ਾਨਦਾਰ ਸੁਆਗਤ ਕੀਤਾ ਗਿਆ।


ਹਾਕੀ ਖਿਡਾਰੀ ਸਿਮਰਨਜੀਤ ਨੇ ਕਿਹਾ ਕਿ ਅੱਜ ਉਹ ਬਹੁਤ ਖੁਸ਼ ਹਨ। ਉਹ ਆਪਣੇ ਲੋਕਾਂ 'ਚ ਜਿੱਤ ਕੇ ਪਹੁੰਚਿਆ ਹੈ। ਸਿਮਰਨਜੀਤ ਨੇ ਕਿਹਾ ਕਿ ਭਾਰਤੀ ਹਾਕੀ ਟੀਮ ਗੋਲਡ ਮੈਡਲ ਦੀ ਉਮੀਦ ਨਾਲ ਓਲੰਪਿਕਸ 'ਚ ਖੇਡ ਰਹੀ ਸੀ ਲੇਕਿਨ ਗੋਲਡ ਤਾਂ ਨਹੀਂ ਬਰੌਂਜ਼ ਮੈਡਲ ਹਾਸਿਲ ਕਰ ਦੇਸ਼ ਲਈ ਜਿੱਤ ਹਾਸਿਲ ਕੀਤੀ ਹੈ।


ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜੋ ਸਾਲਾਂ ਤੋਂ ਦੇਸ਼ ਨੂੰ ਇੰਤਜ਼ਾਰ ਸੀ ਉਹ ਉਨ੍ਹਾਂ ਦੀ ਟੀਮ ਦੇ ਚੰਗੇ ਪ੍ਰਦਰਸ਼ਨ ਨੇ ਸੱਚ ਕਰ ਵਿਖਾਇਆ। ਇਸ ਦੇ ਨਾਲ ਹੀ ਸਿਮਰਨਜੀਤ ਸਿੰਘ ਦਾ ਕਹਿਣਾ ਸੀ ਅਖੀਰ ਉਹ ਸੰਤੁਸ਼ਟ ਹਨ ਕਿ ਉਨ੍ਹਾਂ ਦੀ ਟੀਮ ਦੀ ਸਖ਼ਤ ਮਿਹਨਤ ਸਫਲ ਰਹੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹੁਣ


ਉਨ੍ਹਾਂ ਦਾ ਅਗਲੇ ਟੂਰਨਾਮੈਂਟ 'ਚ ਪਹਿਲਾ ਸਥਾਨ ਹਾਸਿਲ ਕਰਨ ਦਾ ਟੀਚਾ ਹੋਵੇਗਾ। ਉੱਥੇ ਹੀ ਜਿਵੇਂ ਹੀ ਸਿਮਰਨਜੀਤ ਆਪਣੇ ਘਰ ਪਿੰਡ ਚਾਹਲ ਕਲਾਂ ਪਹੁਚਿਆਂ ਤਾਂ ਪਰਿਵਾਰ ਅਤੇ ਪਿੰਡ ਨੇ ਸਵਾਗਤ ਕੀਤਾ ਅਤੇ ਪਰਿਵਾਰ ਦਾ ਕਹਿਣਾ ਸੀ ਕਿ ਅੱਜ ਘਰ 'ਚ ਵਿਆਹ ਵਾਲਾ ਮਾਹੌਲ ਹੈ ਅਤੇ ਪੂਰਾ ਇਲਾਕਾ ਖੁਸ਼ੀ ਮਨਾ ਰਿਹਾ ਹੈ।


ਇਸ ਮੌਕੇ ਐਸਐਸਪੀ ਬਟਾਲਾ ਰਛਪਾਲ ਸਿੰਘ ਅਤੇ ਵਿਧਾਨ ਸਭਾ ਹਲਕਾ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦੇ ਹਲਕੇ ਦੇ ਨੌਜਵਾਨ ਸਿਮਰਨਜੀਤ ਸਿੰਘ ਨੇ ਦੇਸ਼ ਅਤੇ ਆਪਣੇ ਹਲਕੇ ਦਾ ਨਾਂਅ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਿਮਰਨਜੀਤ ਸਿੰਘ ਨੌਜਵਾਨਾਂ ਲਈ ਰੋਲ ਮਾਡਲ ਹੈ।