ਚੰਡੀਗੜ੍ਹ: ਮਨਜਿੰਦਰ ਸਿੰਘ ਸਿਰਸਾ ਸ੍ਰੋਮਣੀ ਅਕਾਲੀ ਦਲ ਨੂੰ ਛੱਡ ਬੀਜੇਪੀ ਵਿੱਚ ਸ਼ਾਮਲ ਹੋ ਗਏ ਹਨ।ਅਕਾਲੀ ਦਲ ਲਈ ਇਹ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਹੈ।ਸਿਰਸਾ ਦੇ ਬੀਜੇਪੀ ਵਿੱਚ ਸ਼ਾਮਲ ਹੋਣ ਮਗਰੋਂ ਅਕਾਲੀ ਦਲ ਨੇ ਕਿਹਾ ਖਾਲਸਾ ਪੰਥ ਦੀਆਂ ਦੁਸ਼ਮਣ ਤਾਕਤਾਂ ਨੇ ਸਾਜਿਸ਼ ਰੱਚ ਕਿ ਉਹ ਹਾਸਲ ਕਰ ਦੀ ਕੋਸ਼ਿਸ਼ ਕੀਤੀ ਹੈ ਜੋ ਉਹ ਸਿੱਖ ਕੌਮ ਦੀ ਮਰਜ਼ੀ ਨਾਲ ਹਾਸਲ ਨਹੀਂ ਕਰ ਸਕੀਆਂ।
ਅਕਾਲੀ ਦਲ ਨੇ ਕਿਹਾ ਇਹ ਸਿੱਖ ਕੌਮ ਦੇ ਖਿਲਾਫ ਇੰਦਰਾ ਗਾਂਧੀ ਵਾਲੇ ਹੱਥਕੰਡੇ ਵਰਤੇ ਜਾਣੇ ਤੇ ਸਰਕਾਰ ਦੀ ਤਾਕਤ ਦੀ ਦੁਰਵਰਤੋਂ ਤੇ ਝੂਠੇ ਕੇਸ ਦਰਜ ਕਰ ਕੇ ਖਾਲਸਾ ਪੰਥ ਦੀ ਧਾਰਮਿਕ ਪ੍ਰਭੂਸੱਤਾ ’ਤੇ ਇਕ ਹੋਰ ਸਿੱਧਾ ਹਮਲਾ ਹੈ। ਸਿੱਖ ਪੰਥ ਨੂੰ ਇਹ ਚੁਣੌਤੀ ਪ੍ਰਵਾਨ ਹੈ ਤੇ ਪੰਥ ਸਿੱਧਾ ਹੋ ਕੇ ਇਸਦਾ ਮੁਕਾਬਲਾ ਕਰੇਗਾ।
2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਨਜਿੰਦਰ ਸਿੰਘ ਸਿਰਸਾ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।ਸਿਰਸਾ ਲਈ ਪਾਰਟੀ ਤਬਦੀਲੀ ਇਸ ਲਈ ਸਾਰਥਕ ਹੈ ਕਿਉਂਕਿ ਪੰਜਾਬ ਚੋਣਾਂ ਸਿਰਫ਼ ਚਾਰ ਮਹੀਨੇ ਦੂਰ ਹਨ।
ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਅਤੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ, ਗਜੇਂਦਰ ਸਿੰਘ ਸ਼ੇਖਾਵਤ, ਦੁਸ਼ਯੰਤ ਗੌਤਮ ਮੌਜੂਦ ਸਨ। ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਸਿਰਸਾ ਨੇ ਕਿਹਾ ਕਿ ਮੈਂ ਅਮਿਤ ਸ਼ਾਹ ਅਤੇ ਜੇਪੀ ਨੱਡਾ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੇ ਮੈਨੂੰ ਪਾਰਟੀ ਵਿੱਚ ਸ਼ਾਮਲ ਕੀਤਾ। ਇਸ ਦੇ ਨਾਲ ਹੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਉੱਤਰੀ ਭਾਰਤ ਦੀ ਰਾਜਨੀਤੀ ਵਿਚ ਸਿੱਖ ਚਿਹਰਿਆਂ ਵਿਚ ਜੋ ਚਿਹਰਾ ਸਾਹਮਣੇ ਆਵੇਗਾ, ਉਹ ਸਿਰਸਾ ਤੋਂ ਹੀ ਆਵੇਗਾ। ਮੈਂ ਉਨ੍ਹਾਂ ਨੂੰ ਭਾਜਪਾ ਪਰਿਵਾਰ ਵਿੱਚ ਸ਼ਾਮਲ ਕਰਦਾ ਹਾਂ। ਪੰਜਾਬ ਚੋਣਾਂ 'ਚ ਇਸ ਦਾ ਫਾਇਦਾ ਹੋਵੇਗਾ। ਦੱਸ ਦੇਈਏ ਕਿ ਪੰਜਾਬ ਵਿੱਚ ਅਗਲੇ ਸਾਲ ਦੇ ਸ਼ੁਰੂ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ।
ਮਨਜਿੰਦਰ ਸਿੰਘ ਸਿਰਸਾ, ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਜਥੇਦਾਰ ਹਰਮੀਤ ਸਿੰਘ ਕਾਲਕਾ ਤੇ ਦਿੱਲੀ ਕਮੇਟੀ ਦੇ 11 ਹੋਰ ਮੈਂਬਰਾਂ ਦੇ ਖਿਲਾਫ ਕੇਸ ਦਰਜ ਕੀਤੇ ਗਏ ਸਨ। ਕਾਲਕਾ ਸਾਹਿਬ ਤੇ ਹੋਰ ਮੈਂਬਰ ਸਿੱਖ ਰਵਾਇਤਾਂ ’ਤੇ ਡਟੇ ਰਹੇ ਤੇ ਜ਼ਬਰ ਦਾ ਟਕਾਰਾ ਕੀਤਾ ਪਰ ਮੰਦਭਾਗੀ ਗੱਲ ਹੈ ਕਿ ਸਿਰਸਾ ਦਬਾਅ ਹੇਠ ਆ ਗਏ ਤੇ ਸਿੱਖ ਪੰਥ ਅਤੇ ਇਸਦੀ ਭਾਵਨਾ ਨਾਲ ਗੱਦਾਰੀ ਕੀਤੀ।
ਇਥੇ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਇਕ ਬਿਆਨ ਵਿਚ ਕਿਹਾ ਗਿਆ ਕਿ ਖਾਲਸਾ ਪੰਥ ਕਿਸੇ ਇਕ ਵਿਅਕਤੀ ਨਾਲੋਂ ਬਹੁਤ ਜ਼ਿਆਦਾ ਵੱਡਾ ਹੈ। ਵਿਅਕਤੀ ਆਉਂਦੇ ਜਾਂਦੇ ਰਹਿੰਦੇ ਹਨ। ਖਾਲਸਾ ਪੰਥ ਹਮੇਸ਼ਾ ਚੜ੍ਹਦੀਕਲਾ ਵਿਚ ਰਿਹਾ ਹੈ ਤੇ ਹਮੇਸ਼ਾ ਰਹੇਗਾ।
ਖਾਲਸਾ ਪੰਥ ਇਸਦੀ ਸਿਰਜਣਾ ਵੇਲੇ ਤੋਂ ਹਮਲਿਆਂ ਦਾ ਸ਼ਿਕਾਰ ਹੋਇਆ ਹੈ। ਆਧੁਨਿਕ ਦੌਰ ਵਿਚ ਪਹਿਲਾਂ ਅੰਗਰੇਜ਼ਾਂ ਨੇ ਤੇ ਫਿਰ ਇੰਦਰਾ ਗਾਂਧੀ ਤੇ ਹੋਰ ਕਾਂਗਰਸੀ ਸਰਕਾਰਾਂ ਨੇ ਸਾਜ਼ਿਸ਼ਾਂ ਰਚ ਕੇ ਜ਼ਬਰ ਕਰ ਕੇ ਤੇ ਸਾਬੋਤਾਜ ਕਰ ਕੇ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਨੂੰ ਢਹਿ ਢੇਰੀ ਕਰਨ ਦਾ ਯਤਨ ਕੀਤਾ ਹੈ। ਜਿਥੇ ਖਾਲਸਾ ਪੰਥ ਨੇ ਹਮੇਸ਼ਾ ਅਕਾਲੀ ਦਲ ਦੀ ਹਮਾਇਤ ਕੀਤੀ ਤੇ ਹਰ ਸਾਜ਼ਿਸ਼ਕਾਰ ਤੇ ਦੋਖੀ ਨੂੰ ਮਾਰ ਦਿੱਤੀ, ਉਥੇ ਹੀ ਸ਼੍ਰੋਮਣੀ ਕਮੇਟੀ ਤੇ ਦਿੱਲੀ ਗੁਰਦੁਆਰਾ ਕਮੇਟੀ ’ਤੇ ਪਿਛਲੇ ਦਰਵਾਜ਼ਿਓਂ ਕਬਜ਼ਾ ਕਰਨ ਦੇ ਯਤਨ ਹੋਏ। ਹੁਣ ਮੌਜੂਦਾ ਕੇਂਦਰ ਸਰਕਾਰ ਨੇ ਉਹਨਾਂ ਕਾਂਗਰਸੀ ਸਰਕਾਰਾਂ ਦੀ ਭੂਮਿਕਾ ਅਖ਼ਤਿਆਰ ਕਰ ਲਈ ਹੈ ਜੋ ਕੇਂਦਰ ਵਿਚ ਸੱਤਾ ਵਿਚ ਹੁੰਦਿਆਂ ਬੀਤੇ ਸਮੇਂ ਵਿਚ ਨਿਭਾਉਂਦੀਆਂ ਰਹੀਆਂ ਹਨ। ਪਰ ਖਾਲਸਾ ਪੰਥ ਨੇ ਪਹਿਲਾਂ ਵੀ ਇਹਨਾਂ ਸਾਜ਼ਿਸ਼ਾਂ ਨੂੰ ਮਾਤ ਪਾਈ ਹੈ ਤੇ ਹੁਣ ਵੀ ਇਹਨਾਂ ਸਾਜ਼ਿਸ਼ਾਂ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।
ਬਿਆਨ ਵਿਚ ਹੋਰ ਕਿਹਾ ਗਿਆ ਕਿ ਇਹ ਸਪਸ਼ਟ ਹੈ ਕਿ ਪੰਥ ਦੇ ਦੁਸ਼ਮਣ ਕਦੇ ਵੀ ਸਿੱਖ ਕੌਮ ’ਤੇ ਜਿੱਤ ਹਾਸਲ ਨਹੀਂ ਕਰ ਸਕਦੇ। ਇਸ ਲਈ ਉਹ ਹਮੇਸ਼ਾ ਅਜਿਹੀਆਂ ਸਾਜ਼ਿਸ਼ਾਂ ਨਾਲ ਕੌਮ ਨੁੰ ਕਮਜ਼ੋਰ ਕਰਨ ਦਾ ਯਤਨ ਕਰਦੇ ਰਹਿੰਦੇ ਹਨ।
ਜਿਵੇਂ ਬੀਤੇ ਸਮੇਂ ਵਿਚ ਅਕਾਲ ਪੁਰਖ ਤੇ ਮਹਾਨ ਗੁਰੂ ਸਾਹਿਬਾਨ ਦੀ ਰਹਿਮਤ ਤੇ ਗੁਰੂ ਪੰਥ ਦੇ ਆਸ਼ੀਰਵਾਦ ਨਾਲ ਇਹ ਸਾਜ਼ਿਸ਼ਾਂ ਹਮੇਸ਼ਾਂ ਫੇਲ੍ਹ ਕੀਤੀਆਂ ਜਾਂਦੀਆਂ ਰਹਿੰਦੀਆਂ, ਭਵਿੱਖ ਵਿਚ ਵੀ ਇਹ ਬੇਨਕਾਬ ਹੁੰਦੀਆਂ ਰਹਿਣਗੀਆਂ ਤੇ ਇਹਨਾਂ ਨੁੰ ਮਾਤ ਪੈਂਦੀ ਰਹੇਗੀ।