ਅੰਮ੍ਰਿਤਸਰ: ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਚੱਲਦੀਆਂ ਅੰਤਰਰਾਸ਼ਟਰੀ ਬੱਸਾਂ ਦੀ ਸੁਰੱਖਿਆ ਵੀ ਪੰਜਾਬ ਪੁਲਿਸ ਨੇ ਵਧਾ ਦਿੱਤੀ ਹੈ। ਇਨ੍ਹਾਂ ਦੀ ਸੁਰੱਖਿਆ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਹਾਲਾਂਕਿ ਪੁਲਿਸ ਅਧਿਕਾਰੀ ਇਸ ਮੁੱਦੇ 'ਤੇ ਖੁੱਲ੍ਹ ਕੇ ਗੱਲ ਨਹੀਂ ਕਰ ਰਹੇ ਪਰ ਫਿਰ ਵੀ ਸੁਰੱਖਿਆ ਪੱਖੋਂ ਢੁਕਵੇਂ ਕਦਮ ਚੁੱਕੇ ਜਾ ਰਹੇ ਹਨ।
ਭਾਰਤ ਤੇ ਪਾਕਿਸਤਾਨ ਵਿਚਾਲੇ ਦੋਸਤੀ ਦੇ ਸੁਨੇਹੇ ਦਿੰਦੀਆਂ ਇਹ ਬੱਸਾਂ ਹਫਤੇ ਵਿੱਚ ਚਾਰ ਵਾਰ ਅੰਮ੍ਰਿਤਸਰ ਤੋਂ ਲਾਹੌਰ ਤੇ ਅੰਮ੍ਰਿਤਸਰ ਤੋਂ ਨਨਕਾਣਾ ਸਾਹਿਬ ਚੱਲਦੀਆਂ ਹਨ। ਮੰਗਲਵਾਰ ਤੋਂ ਇੱਕ ਬੱਸ ਅੰਮ੍ਰਿਤਸਰ ਤੋਂ ਲਾਹੌਰ ਜਾਂਦੀ ਹੈ। ਇਸੇ ਦਿਨ ਹੀ ਲਾਹੌਰ ਤੋਂ ਇੱਕ ਬੱਸ ਅੰਮ੍ਰਿਤਸਰ ਆਉਂਦੀ ਹੈ। ਇਸੇ ਤਰ੍ਹਾਂ ਮੰਗਲਵਾਰ ਨੂੰ ਇਹ ਬੱਸਾਂ ਦੁਬਾਰਾ ਇਨ੍ਹਾਂ ਰੂਟਾਂ 'ਤੇ ਚਲਦੀਆਂ ਹਨ ਤੇ ਆਪਣੇ-ਆਪਣੇ ਦੇਸ਼ਾਂ ਨੂੰ ਪਰਤ ਆਉਂਦੀਆਂ ਹਨ।
ਇਸ ਤੋਂ ਇਲਾਵਾ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਤੋਂ ਨਨਕਾਣਾ ਸਾਹਿਬ ਤੇ ਨਨਕਾਣਾ ਸਾਹਿਬ ਤੋਂ ਅੰਮ੍ਰਿਤਸਰ ਨੂੰ ਬੱਸ ਚੱਲਦੀ ਹੈ। ਸ਼ਨੀਵਾਰ ਨੂੰ ਇਹ ਬੱਸਾਂ ਆਪਣੇ-ਆਪਣੇ ਦੇਸ਼ਾਂ ਨੂੰ ਪਰਤ ਜਾਂਦੀਆਂ ਹਨ। ਇਸ ਤੋਂ ਇਲਾਵਾ ਦਿੱਲੀ ਤੋਂ ਲਾਹੌਰ ਲਈ ਵੀ ਇੱਕ ਬੱਸ ਚੱਲਦੀ ਹੈ। ਭਾਰਤ ਸਰਕਾਰ ਵੱਲੋਂ ਇਨ੍ਹਾਂ ਨੂੰ ਪੁਖਤਾ ਸੁਰੱਖਿਆ ਦਿੱਤੀ ਜਾਂਦੀ ਹੈ ਤੇ ਬਕਾਇਦਾ ਪਾਇਲਟ ਤੇ ਸਕੌਟ ਜਿਪਸੀਆਂ ਵਿੱਚ ਤਾਇਨਾਤ ਪੁਲਿਸ ਮੁਲਾਜ਼ਮ ਇਨ੍ਹਾਂ ਦੀ ਸੁਰੱਖਿਆ ਕਰਦੇ ਹਨ।
ਅੰਮ੍ਰਿਤਸਰ ਤੋਂ ਚੱਲਣ ਵਾਲੀਆਂ ਬੱਸਾਂ ਦਾ ਟਰਮੀਨਲ ਅੰਮ੍ਰਿਤਸਰ ਦੀ ਮਾਲ ਮੰਡੀ ਵਿਖੇ ਬਣਾਇਆ ਗਿਆ ਹੈ। ਇਸ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਅੰਮ੍ਰਿਤਸਰ ਪੁਲਿਸ ਕੋਲ ਹੈ। ਪੁਲਵਾਮਾ ਹਮਲੇ ਤੋਂ ਬਾਅਦ ਇਸ ਦੀ ਸੁਰੱਖਿਆ ਵੀ ਵਧਾ ਦਿੱਤਾ ਗਈ ਹੈ। ਹਾਲਾਂਕਿ ਪੁਲਿਸ ਅਧਿਕਾਰੀ ਇਸ ਬਾਰੇ ਕੋਈ ਬਹੁਤੀ ਗੱਲ ਨਹੀਂ ਕਰ ਰਹੇ। ਉਨ੍ਹਾਂ ਦਾ ਇਹੀ ਕਹਿਣਾ ਹੈ ਕਿ ਜ਼ਰੂਰਤ ਮੁਤਾਬਕ ਸੁਰੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ।