Punjab News: ਅੱਜ ਪੂਰੇ ਪੰਜਾਬ ‘ਚ ਆਪਰੇਸ਼ਨ ਸਿੰਦੂਰ ਚਲਾਇਆ ਜਾ ਰਿਹਾ ਹੈ। ਉੱਥੇ ਹੀ ਪੰਜਾਬ ਦੇ 20 ਜ਼ਿਲ੍ਹਿਆਂ ਵਿੱਚ ਵੀ ਬਲੈਕਆਊਟ ਕੀਤਾ ਜਾਵੇਗਾ ਅਤੇ ਨਾਲ ਹੀ ਜੰਗੀ ਸਾਇਰਨ ਵੀ ਵਜਾਏ ਜਾਣਗੇ।

ਦੱਸ ਦਈਏ ਕਿ ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ ਅਨੁਸਾਰ ਬਲੈਕਆਉਟ ਦਾ ਅਭਿਆਸ ਫਾਜ਼ਿਲਕਾ ਵਿਚ ਅੱਜ 7 ਮਈ 2025 ਦਿਨ ਬੁੱਧਵਾਰ ਨੂੰ ਰਾਤ 10 ਵਜੇ ਤੋਂ 10.30 ਵਜੇ ਤੱਕ ਹੋਵੇਗਾ। ਇਸ ਸਬੰਧੀ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਡਾ: ਮਨਦੀਪ ਕੌਰ ਨੇ ਦੱਸਿਆ ਕਿ ਇਸ ਦੌਰਾਨ ਜ਼ਿਲ੍ਹੇ ਦੇ ਹਰੇਕ ਪਿੰਡ ਅਤੇ ਸ਼ਹਿਰ ਵਿਚ ਲੋਕ ਹਰ ਤਰ੍ਹਾਂ ਦੀਆਂ ਲਾਈਟਾਂ ਬੰਦ ਰੱਖਣਗੇ।

ਉਨ੍ਹਾਂ ਨੇ ਕਿਹਾ ਕਿ ਇਹ ਇਕ ਆਮ ਰਿਹਰਸਲ ਹੈ ਅਤੇ ਕਿਸੇ ਕਿਸਮ ਦੀ ਘਬਰਾਹਟ ਵਿਚ ਨਹੀਂ ਆਉਣਾ ਹੈ ਪਰ ਉਨ੍ਹਾਂ ਅਪੀਲ ਕੀਤੀ ਕਿ ਸਾਰੇ ਇਸ ਰਿਹਰਸਲ ਵਿਚ ਸਹਿਯੋਗ ਕਰਨ। ਇਸ ਤੋਂ ਇਲਾਵਾ ਮੌਕ ਡਰਿੱਲ ਵੀ ਹੋਵੇਗੀ, ਜਿਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਬਲੈਕਆਉਟ ਦੀ ਸ਼ੁਰੂਆਤ ਲਈ ਸਾਇਰਨ ਵਜੇਗਾ, ਜਦ ਸਾਇਰਨ ਵੱਜੇ ਤਾਂ ਤੁਰੰਤ ਸਾਰੀਆਂ ਲਾਈਟਾਂ ਬੰਦ ਕਰ ਦੇਣੀਆਂ ਹਨ।

ਬਲੈਕਆਊਟ ਦੀ ਸਮਾਪਤੀ ਤੋਂ ਬਾਅਦ ਵੱਜੇਗਾ ਸਾਇਰਨ

ਬਲੈਕਆਉਟ ਦੇ ਸਮੇਂ ਦੀ ਸਮਾਪਤੀ ‘ਤੇ ਵੀ ਸਾਇਰਨ ਵੱਜੇਗਾ, ਜਿਸਤੋਂ ਬਾਅਦ ਲਾਈਟਾਂ ਜਗਾਈਆਂ ਜਾ ਸਕਦੀਆਂ ਹਨ। ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਬਲੈਕਆਊਟ ਸਮੇਂ ਕਿਸੇ ਵੀ ਕਿਸਮ ਦੀ ਲਾਇਟ ਨਹੀਂ ਜਗਾਉਣੀ ਹੈ। ਜੇਕਰ ਘਰ ਵਿਚ ਇਨਵਰਟਰ ਹੈ ਤਾਂ ਉਸ ਤੋਂ ਚੱਲਣ ਵਾਲੀਆਂ ਲਾਈਟਾਂ ਵੀ ਬੰਦ ਕਰ ਦੇਣੀਆਂ ਹਨ।

ਸਟਰੀਟ ਲਾਈਟ ਵੀ ਇਸ ਸਮੇਂ ਬੰਦ ਰੱਖੀ ਜਾਣੀ ਹੈ। ਇਸ ਸਮੇਂ ਦੌਰਾਨ ਜੇਕਰ ਤੁਸੀਂ ਸਫਰ ‘ਤੇ ਹੋ ਤਾਂ ਆਪਣਾ ਵਾਹਨ ਸੜਕ ਦੇ ਕਿਨਾਰੇ ਸੁਰੱਖਿਅਤ ਥਾਂ ਤੇ ਰੋਕ ਕੇ ਵਾਹਨ ਦੀਆਂ ਲਾਈਟਾਂ ਵੀ ਬੰਦ ਰੱਖਣੀਆਂ ਹਨ।

ਕਈ ਸੀਸੀਟੀਵੀ ਕੈਮਰਿਆਂ ‘ਤੇ ਵੀ ਲਾਈਟ ਲੱਗੀ ਹੁੰਦੀ ਹੈ ਅਜਿਹੀਆਂ ਲਾਈਟਾਂ ਵੀ ਬੰਦ ਰੱਖਣੀਆਂ ਹਨ। ਇਸੇ ਤਰਾਂ ਬਿਜਲੀ ਨਿਗਮ ਵੱਲੋਂ ਇਸ ਸਮੇਂ ਦੌਰਾਨ ਬਿਜਲੀ ਬੰਦ ਕਰ ਦਿੱਤੀ ਜਾਵੇਗੀ ਤਾਂ ਕੋਈ ਵੀ ਨਾਗਰਿਕ ਜਨਰੇਟਰ ਜਾਂ ਇਨਵਰਟਰ ਰਾਹੀਂ ਵੀ ਰੌਸ਼ਨੀ ਕਰਨ ਲਈ ਕੋਈ ਲਾਈਟ ਨਾ ਜਗਾਏ। ਅੱਜ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ।