Punjab News: ਸ਼੍ਰੋਮਣੀ ਅਕਾਲੀ ਦਲ ਵਿੱਚ ਅੱਜ ਵੱਡਾ ਧਮਾਕਾ ਹੋ ਸਕਦਾ ਹੈ। ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਦਿੱਤੇ ਮੁਆਫੀਨਾਮੇ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਤਖ਼ਤਾਂ ਦੇ ਜਥੇਦਾਰਾਂ ਦੀ ਮੀਟਿੰਗ ਚੱਲ ਰਹੀ ਹੈ। ਇਸ ਦੇ ਨਾਲ ਹੀ ਦੋਵੇਂ ਧੜੇ ਚੰਡੀਗੜ੍ਹ ਵਿੱਚ ਆਪਣੀ-ਆਪਣੀ ਮੀਟਿੰਗ ਕਰ ਰਹੇ ਹਨ। ਇਸ ਕਰਕੇ ਅਕਾਲੀ ਦਲ ਅੰਦਰ ਵੱਡੀ ਹਿੱਲਜੁੱਲ ਹੋ ਰਹੀ ਹੈ। ਇਸ ਕਰਕੇ ਸਭ ਦੀਆਂ ਨਜ਼ਰਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਚੱਲ ਰਹੀ ਮੀਟਿੰਗ ਵੱਲ ਹਨ।


ਦਰਅਸਲ ਬਾਗੀ ਧੜੇ ਵੱਲੋਂ ਦਿੱਤੇ ਮੁਆਫੀਨਾਮੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਪੂਰੀ ਤਰ੍ਹਾਂ ਨਿਸ਼ਾਨਾ ਬਣਾਇਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਸਿੰਘ ਸਾਹਿਬਾਨ ਦੀ ਮੀਟਿੰਗ ਤੋਂ ਬਾਅਦ ਸੁਖਬੀਰ ਬਾਦਲ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਇਸ ਤੋਂ ਪਹਿਲਾਂ ਹੀ ਸੁਖਬੀਰ ਬਾਦਲ ਨੇ ਚੰਡੀਗੜ੍ਹ ਵਿੱਚ ਮੀਟਿੰਗ ਬੁਲਾ ਲਈ ਹੈ। ਦੂਜੇ ਪਾਸੇ ਬਾਗੀ ਧੜਾ ਵੀ ਚੰਡੀਗੜ੍ਹ ਵਿੱਚ ਹੀ ਮੀਟਿੰਗ ਕਰ ਰਿਹਾ ਹੈ।



ਦਰਅਸਲ ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ਵਾਲੇ ਅਕਾਲੀ ਦਲ ਦੇ ਬਾਗੀ ਧੜੇ ਨੇ 1 ਜੁਲਾਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੁਆਫੀਨਾਮਾ ਸੌਂਪਿਆ ਸੀ। ਬਾਗੀ ਧੜੇ ਨੇ ਕਿਹਾ ਸੀ ਕਿ ਉਹ ਪਾਰਟੀ ਵੱਲੋਂ ਕੀਤੀਆਂ ਗਈਆਂ ਗਲਤੀਆਂ ਲਈ ਮੁਆਫੀ ਮੰਗ ਰਹੇ ਹਨ ਪਰ ਸਮੁੱਚੇ ਮੁਆਫ਼ੀਨਾਮੇ ਵਿੱਚ ਸਿਰਫ਼ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਹੀ ਨਿਸ਼ਾਨਾ ਬਣਾਇਆ ਗਿਆ। ਇਸ ਮੁਆਫੀਨਾਮੇ ਵਿੱਚ ਬੇਅਦਬੀਆਂ, ਬਹਿਬਲ ਗੋਲੀ ਕਾਂਡ, ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫੀ ਦੇ ਮੁੱਦੇ ਉਠਾਏ ਗਏ ਹਨ।


ਇਸ ਸਬੰਧੀ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਤਖ਼ਤਾਂ ਦੇ ਜਥੇਦਾਰਾਂ ਦੀ ਮੀਟਿੰਗ ਹੋ ਰਹੀ ਹੈ। ਇਸ ਮੀਟਿੰਗ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਦੇ ਦੋ ਨਵ-ਨਿਯੁਕਤ ਗ੍ਰੰਥੀ ਸਿੰਘਾਂ ਦੀ ਸੇਵਾ ਸੰਭਾਲ ਦਾ ਪ੍ਰੋਗਰਾਮ ਸੰਪਨ ਹੋਇਆ। ਇਸ ਵਿੱਚ ਸ਼੍ਰੀ ਦਮਦਮਾ ਸਾਹਿਬ ਵਿਖੇ ਪੰਜ ਪਿਆਰਿਆਂ ਦੀ ਸੇਵਾ ਨਿਭਾਅ ਰਹੇ ਭਾਈ ਕੇਵਲ ਸਿੰਘ ਤੇ ਬਟਾਲਾ ਨਿਵਾਸੀ ਕਥਾਵਾਚਕ ਭਾਈ ਪਰਵਿੰਦਰਪਾਲ ਸਿੰਘ ਗ੍ਰੰਥੀ ਨੇ ਸੇਵਾ ਸੰਭਾਲੀ। ਇਸ ਦੌਰਾਨ ਪੰਜ ਤਖ਼ਤਾਂ ਦੇ ਜਥੇਦਾਰ ਵੀ ਹਾਜ਼ਰ ਸਨ।


ਇਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਸ਼ੁਰੂ ਹੋਈ ਜਿਸ ਵਿੱਚ ਪੰਜਾਂ ਤਖ਼ਤਾਂ ਦੇ ਜਥੇਦਾਰ ਪੁੱਜੇ ਹੋਏ ਹਨ। ਇਸ ਮੀਟਿੰਗ ਵਿੱਚ ਦੋ ਮੁੱਖ ਮੁੱਦਿਆਂ 'ਤੇ ਚਰਚਾ ਹੋ ਰਹੀ ਹੈ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਦਿੱਤੀ ਗਈ ਮੁਆਫ਼ੀ ਬਾਰੇ ਚਰਚਾ ਕੀਤੀ ਜਾਵੇਗੀ। ਇਸ ਦੇ ਨਾਲ ਹੀ ਹਰਿਮੰਦਰ ਸਾਹਿਬ ਦੇ ਅਜਾਇਬ ਘਰ ਵਿੱਚ ਖਾਲਿਸਤਾਨੀ ਲੀਡਰਾਂ ਦੀਆਂ ਤਸਵੀਰਾਂ ਲਗਾਉਣ ਬਾਰੇ ਵੀ ਵਿਚਾਰ ਕੀਤਾ ਜਾਣਾ ਹੈ।


ਮੀਟਿੰਗ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਅਜਾਇਬ ਘਰ ਵਿੱਚ ਖਾਲਿਸਤਾਨ ਸਮਰਥਕਾਂ ਦੀਆਂ ਤਸਵੀਰਾਂ ਲਗਾਉਣ ਦਾ ਮਾਮਲਾ ਵਿਚਾਰਿਆ ਜਾਣਾ ਹੈ। ਅਜੇ ਦੋ ਦਿਨ ਪਹਿਲਾਂ ਹੀ ਗਿਆਨੀ ਰਘਬੀਰ ਸਿੰਘ ਨੇ ਪਾਕਿਸਤਾਨ ਵਿੱਚ ਮਾਰੇ ਗਏ ਖਾਲਿਸਤਾਨੀ ਲੀਡਰ ਤੇ ਦਲ ਖਾਲਸਾ ਦੇ ਸੰਸਥਾਪਕ ਗਜਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਵਿੱਚ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਬਣੇ ਅਜਾਇਬ ਘਰ ਵਿੱਚ ਖਾਲਿਸਤਾਨ ਸਮਰਥਕਾਂ ਦੀਆਂ ਤਸਵੀਰਾਂ ਲਾਉਣ ਦੀ ਇੱਛਾ ਪ੍ਰਗਟਾਈ ਸੀ।



ਹੁਣ ਤੱਕ ਮਾਰੇ ਗਏ ਤਿੰਨ ਖਾਲਿਸਤਾਨੀ ਲੀਡਰਾਂ ਦੀਆਂ ਤਸਵੀਰਾਂ 2023 ਤੱਕ ਹਰਿਮੰਦਰ ਸਾਹਿਬ 'ਚ ਲਾਉਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ ਜਿਸ ਵਿੱਚ ਪਹਿਲਾ ਨਾਮ ਹਰਦੀਪ ਸਿੰਘ ਨਿੱਝਰ ਦਾ ਹੈ। ਉਨ੍ਹਾਂ ਦੀ ਬ੍ਰਿਟਿਸ਼ ਕੋਲੰਬੀਆ ਵਿੱਚ 18 ਜੂਨ, 2023 ਨੂੰ ਸਿਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਸੂਚੀ ਵਿੱਚ ਦੂਜਾ ਨਾਮ ਖਾਲਿਸਤਾਨ ਕਮਾਂਡੋ ਫੋਰਸ (ਕੇਸੀਐਫ) ਦੇ ਮੁਖੀ ਪਰਮਜੀਤ ਸਿੰਘ ਪੰਜਵੜ ਦਾ ਹੈ।


ਉਨ੍ਹਾਂ ਦੀ ਲਾਹੌਰ ਵਿੱਚ 6 ਮਈ 2023 ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਜਦਕਿ ਤੀਜਾ ਨਾਂ ਗਜਿੰਦਰ ਸਿੰਘ ਦਾ ਹੈ, ਜੋ 1981 'ਚ ਇੰਡੀਅਨ ਏਅਰਲਾਈਨਜ਼ ਦੇ ਜਹਾਜ਼ ਨੂੰ ਹਾਈਜੈਕ ਕਰਕੇ ਲਾਹੌਰ ਪਾਕਿਸਤਾਨ ਲੈ ਗਏ ਸੀ।