ਜਗਰਾਓਂ: ਇੱਥੇ ਦੇ ਪਿੰਡ ਲੀਲਾ ਮੇਘ ਦੇ ਰਹਿਣ ਵਾਲੇ ਤੇ ਅੰਤਰਾਸ਼ਟਰੀ ਖਿਡਾਰੀ ਗਗਨਦੀਪ ਸਿੰਘ ਗਗਨਾ ਦੀ ਸੜਕ ਹਾਦਸੇ ‘ਚ ਮੌਤ ਹੋ ਗਈ। ਅਸਲ ‘ਚ ਖਿਡਾਰੀ ਗਗਨਦੀਪ ਦੇਰ ਰਾਤ ਮੁੱਲਾਂਪੁਰ ਤੋਂ ਵਾਪਸ ਆਪਣੇ ਘਰ ਆ ਰਿਹਾ ਸੀ ਕਿ ਪਿੰਡ ਚੌਕੀਮਾਨ ਨੇੜੇ ਲੱਗੇ ਟੋਲ ਪਲਾਜ਼ਾ ਦੇ ਬੈਰੀਗੇਟ ਨਾਲ ਟਕਰਾਉਣ ਨਾਲ ਉਸ ਦੀ ਮੌਤ ਹੋ ਗਈ। ਦੱਸ ਦਈਏ ਕਿ ਗਗਨ ਹਾਦਸੇ ਦੌਰਾਨ ਬੁਲਟ ‘ਤੇ ਸੀ।


ਇਸ ਦੇ ਨਾਲ ਹੀ ਮਿਲੀ ਜਾਣਕਾਰੀ ਮੁਤਾਬਕ ਗਗਨ ਆਪਣੇ ਮਾਪਿਆਂ ਦਾ ਇਕਲੌਤਾ ਬੇਟਾ ਸੀ। ਉਸ ਦੀ ਭੈਣ ਪੜ੍ਹਾਈ ਲਈ ਕੈਨੇਡਾ ਗਈ ਹੋਈ ਹੈ ਜੋ ਅੱਜ ਹੀ ਵਾਪਸ ਆਈ। ਉਸ ਤੋਂ ਬਾਅਦ ਖਿਡਾਰੀ ਦਾ ਸਸਕਾਰ ਕੀਤਾ ਗਿਆ। ਇਸ ਹਾਦਸੇ ਨਾਲ ਪਿੰਡ ‘ਚ ਸ਼ੋਕ ਦੀ ਲਹਿਰ ਹੈ।

ਉਧਰ ਮ੍ਰਿਤਕ ਦੇ ਮਾਤਾ-ਪਿਤਾ ਦਾ ਕਹਿਣਾ ਹੈ ਕਿ ਟੋਲ ਵਾਲਿਆਂ ਨੇ ਪੰਜ ਬੈਰੀਗੇਟ ਵਿੱਚੋਂ ਤਿੰਨ ਦੇ ਦਰਵਾਜ਼ੇ ਬੰਦ ਕੀਤੇ ਹੋਏ ਸੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਟੋਲ ‘ਤੇ ਹਨੇਰਾ ਬਹੁਤ ਹੁੰਦਾ ਹੈ ਜਿਸ ਕਾਰਨ ਬੈਰੀਗੇਟ ਨਜ਼ਰ ਆਉਣਾ ਮੁਸ਼ਕਲ ਹੈ। ਇਸੇ ਕਰਕੇ ਗਗਨਾ ਦੀ ਬੈਰੀਗੇਟ ਨਾਲ ਟੱਕਰ ਹੋ ਗਈ ਤੇ ਉਸ ਦੀ ਮੌਕੇ ‘ਤੇ ਮੌਤ ਹੋ ਗਈ।

ਉਨ੍ਹਾਂ ਦਾ ਕਹਿਣਾ ਹੈ ਕਿ ਅੱਗੇ ਤੋਂ ਅਜਿਹਾ ਕੋਈ ਹਾਦਸਾ ਨਾ ਹੋਵੇ ਇਸ ਲਈ ਟੋਲ ਪਲਾਜ਼ਾ ਵਾਲਿਆਂ ‘ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਮ੍ਰਿਤਕ ਖਿਡਾਰੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਹਾਦਸਾ ਟੋਲ ਪਲਾਜ਼ਾ ਵਾਲਿਆਂ ਦੀ ਗਲਤੀ ਕਰਕੇ ਹੋਇਆ ਹੈ।