Punjab News: ਚੋਣ ਕਮਿਸ਼ਨ ਇਸ ਵਾਰ ਵੋਟਾਂ ਦੀ ਗਿਣਤੀ ਵਧਾਉਣ ਲਈ ਬੇਹੱਦ ਖਾਸ ਉਪਰਾਲੇ ਕਰ ਰਿਹਾ ਹੈ। ਮੁਹਾਲੀ ਵਿੱਚ ਫਰੀ ਟੈਟੂ, ਮਹਿੰਦੀ ਤੇ ਆਈਸਕਰੀਮ ਦੇਣ ਦੀ ਖਬਰ ਸਾਹਮਣੇ ਆਈ ਤਾਂ ਫਾਜ਼ਿਲਕਾ ਪ੍ਰਸ਼ਾਸਨ ਵੱਲੋਂ ਵੋਟਰਾਂ ਨੂੰ ਵੋਟ ਪਾਉਣ ਲਈ ਵਿਆਹ ਦੇ ਕਾਰਡਾਂ ਵਾਂਗ ਖਾਸ ਸੱਦਾ ਪੱਤਰ ਭੇਜੇ ਜਾ ਰਹੇ ਹਨ।
ਦਰਅਸਲ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਪ੍ਰਸ਼ਾਸਨ ਆਪਣੇ ਪੱਧਰ 'ਤੇ ਠੋਸ ਪ੍ਰਬੰਧ ਕਰਨ ਦਾ ਦਾਅਵਾ ਕਰ ਰਿਹਾ ਹੈ, ਉੱਥੇ ਹੀ ਤਿਉਹਾਰ ਵਾਂਗ ਮਨਾਈਆਂ ਜਾ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਫਾਜ਼ਿਲਕਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਨਿਵੇਕਲੇ ਯਤਨ ਦੀ ਤਸਵੀਰ ਸਾਹਮਣੇ ਆਈ ਹੈ।
ਫਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੋ ਲੱਖ ਦੇ ਕਰੀਬ ਪਰਿਵਾਰਾਂ ਨੂੰ ਵੋਟ ਪਾਉਣ ਲਈ ਸੱਦਾ ਪੱਤਰ ਭੇਜੇ ਗਏ ਹਨ, ਜੋ ਪੰਜਾਬੀ ਤੇ ਅੰਗਰੇਜ਼ੀ ਵਿੱਚ ਛਾਪੇ ਗਏ ਹਨ। ਵਿਆਹ ਦੇ ਕਾਰਡਾਂ ਵਾਂਗ ਇਨ੍ਹਾਂ ਸੱਦਾ ਪੱਤਰਾਂ ਰਾਹੀਂ ਘਰ-ਘਰ ਜਾ ਕੇ ਲੋਕਾਂ ਨੂੰ ਪੋਲਿੰਗ ਬੂਥ 'ਤੇ ਆ ਕੇ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਕਿਹਾ ਜਾ ਰਿਹਾ ਹੈ ਕਿ ਬਿਨਾਂ ਕਿਸੇ ਡਰ ਤੋਂ ਆਪਣੀ ਵੋਟ ਦਾ ਇਸਤੇਮਾਲ ਕਰੋ।
ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫ਼ਾਜ਼ਿਲਕਾ ਦੇ 1 ਲੱਖ 88 ਹਜ਼ਾਰ ਪਰਿਵਾਰਾਂ ਦੇ ਘਰਾਂ ਵਿੱਚ ਸੱਦਾ ਪੱਤਰ ਭੇਜੇ ਗਏ ਹਨ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਨਿੱਜੀ ਤੌਰ 'ਤੇ ਸੱਦਾ ਪੱਤਰ ਦਿੱਤੇ ਜਾ ਰਹੇ ਹਨ ਕਿ ਲੋਕ ਸਭਾ ਚੋਣਾਂ ਦੇ ਤਿਉਹਾਰ ਦੇ ਮੱਦੇਨਜ਼ਰ ਲੋਕ ਬਿਨਾਂ ਕਿਸੇ ਡਰ-ਭੈਅ ਦੇ ਘਰਾਂ ਤੋਂ ਬਾਹਰ ਨਿਕਲਣ ਤੇ ਵੋਟਾਂ ਪਾਉਣ ਲਈ ਪਹੁੰਚਣ। ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਬੂਥ ਉਪਰ ਪਹੁੰਚਣ।
ਡੀਸੀ ਦਾ ਕਹਿਣਾ ਹੈ ਕਿ ਸੱਦਾ ਪੱਤਰ ਭੇਜਣ ਦਾ ਮਕਸਦ ਲੋਕਾਂ ਵਿੱਚ ਡਰ ਨੂੰ ਦੂਰ ਕਰਨਾ ਹੈ ਤੇ ਉਨ੍ਹਾਂ ਨੂੰ ਭਰੋਸਾ ਦਿਵਾਉਣਾ ਹੈ ਕਿ ਤੁਹਾਡੀ ਸੁਰੱਖਿਆ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੈ। ਇਸ ਲਈ ਸੱਦਾ ਪੱਤਰ ਪ੍ਰਵਾਨ ਕਰਕੇ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲਣ ਤੇ ਬਿਨਾਂ ਕਿਸੇ ਡਰ ਦੇ ਪੋਲਿੰਗ ਬੂਥ 'ਤੇ ਆਉਣ ਤੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ।