Bathinda ISI Agent : ਬਠਿੰਡਾ ਤੋਂ ਦੇਸ਼ ਦੀ ਸੁਰੱਖਿਆ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਬਠਿੰਡਾ ਕੈਂਟ ਦੇ ਫੌਜੀ ਟਿਕਾਣਿਆਂ ਦੀ ਰੇਕੀ ਕਰਨ ਅਤੇ ਉਨ੍ਹਾਂ ਦੀਆਂ ਅਹਿਮ ਜਾਣਕਾਰੀਆਂ ਪਾਕਿਸਤਾਨ ਭੇਜਣ ਦੇ ਦੋਸ਼ ਹੇਠ ਇੱਕ ਕਥਿਤ ISI ਏਜੰਟ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਮੁਲਜ਼ਮ ਦੀ ਪਛਾਣ ਸਤਨਾਮ ਸਿੰਘ ਉਰਫ਼ ਸੱਤੂ ਵਜੋਂ ਹੋਈ ਹੈ, ਜੋ ਫਿਰੋਜ਼ਪੁਰ ਦੇ ਪਿੰਡ ਜਖਰਾਵਾਂ ਦਾ ਰਹਿਣ ਵਾਲਾ ਹੈ। ਜਾਂਚ ਏਜੰਸੀਆਂ ਮੁਤਾਬਕ ਉਹ ਪਾਕਿਸਤਾਨ ਵਿੱਚ ਬੈਠੇ ISI ਆਪਰੇਟਿਵਜ਼ ਦੇ ਸੰਪਰਕ ਵਿੱਚ ਸੀ ਅਤੇ ਉਨ੍ਹਾਂ ਦੇ ਨਿਰਦੇਸ਼ਾਂ 'ਤੇ ਬਠਿੰਡਾ ਕੈਂਟ ਦੇ ਸੰਵੇਦਨਸ਼ੀਲ ਫੌਜੀ ਟਿਕਾਣਿਆਂ ਦੀ ਰੇਕੀ ਕਰਦਾ ਸੀ।
ਆਰੋਪ ਹੈ ਕਿ ਮੁਲਜ਼ਮ ਫੌਜੀ ਟਿਕਾਣਿਆਂ ਦੀ ਲੋਕੇਸ਼ਨ ਅਤੇ ਹੋਰ ਅਹਿਮ ਜਾਣਕਾਰੀਆਂ ਇਕੱਠੀਆਂ ਕਰਕੇ ਸਰਹੱਦ ਪਾਰ ਭੇਜਦਾ ਸੀ। ਉਸ ਨੂੰ 25 ਨਵੰਬਰ ਨੂੰ ਕੈਂਟ ਇਲਾਕੇ ਤੋਂ ਬਾਹਰੋਂ ਗ੍ਰਿਫ਼ਤਾਰ ਕੀਤਾ ਗਿਆ। ਇਹ ਕਾਰਵਾਈ ਬਠਿੰਡਾ ਕਾਊਂਟਰ ਇੰਟੈਲੀਜੈਂਸ, ਮਿਲਟਰੀ ਇੰਟੈਲੀਜੈਂਸ ਯੂਨਿਟ (ਸਾਊਥ ਵੈਸਟਰਨ ਕਮਾਂਡ) ਅਤੇ ਸਥਾਨਕ ਪੁਲਿਸ ਵੱਲੋਂ ਸਾਂਝੇ ਤੌਰ 'ਤੇ ਕੀਤੀ ਗਈ।
ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ 3 ਕੇਸ ਦਰਜ
ਪੁਲਿਸ ਮੁਤਾਬਕ ਸਤਨਾਮ ਸਿੰਘ ਖ਼ਿਲਾਫ਼ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਪਹਿਲਾਂ ਵੀ ਤਿੰਨ ਮਾਮਲੇ ਦਰਜ ਹਨ। ਇਨ੍ਹਾਂ ਵਿੱਚ ਸਾਲ 2022 ਦਾ ਇੱਕ ਮਾਮਲਾ, 2026 ਦਾ ਆਰਮਜ਼ ਐਕਟ ਤਹਿਤ ਕੇਸ ਅਤੇ 6.25 ਕਿਲੋ ਹੈਰੋਇਨ ਬਰਾਮਦਗੀ ਨਾਲ ਜੁੜਿਆ NDPS ਦਾ ਮਾਮਲਾ ਸ਼ਾਮਲ ਹੈ। ਆਰਮਜ਼ ਐਕਟ ਦੇ ਮਾਮਲੇ ਵਿੱਚ ਡਰੋਨ ਅਤੇ ਕਾਰਤੂਸਾਂ ਦੀ ਬਰਾਮਦਗੀ ਦਾ ਪਹਿਲੂ ਵੀ ਸਾਹਮਣੇ ਆਇਆ ਹੈ।
ਵੱਡੇ ਜਾਸੂਸੀ ਨੈੱਟਵਰਕ ਦੀ ਜਾਂਚ
ਥਾਣਾ ਸਿਵਲ ਲਾਈਨਜ਼ ਵਿੱਚ ਮੁਲਜ਼ਮ ਖ਼ਿਲਾਫ਼ BNS ਦੀਆਂ ਧਾਰਾਵਾਂ 113(3), 152 ਅਤੇ ਆਫੀਸ਼ੀਅਲ ਸੀਕ੍ਰੇਟਸ ਐਕਟ ਦੀ ਧਾਰਾ 3 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਹੁਣ ਜਾਂਚ ਏਜੰਸੀਆਂ ਇਹ ਪਤਾ ਲਗਾ ਰਹੀਆਂ ਹਨ ਕਿ ਮੁਲਜ਼ਮ ਨੇ ਕਿਹੜੇ-ਕਿਹੜੇ ਫੌਜੀ ਟਿਕਾਣਿਆਂ ਦੀ ਜਾਣਕਾਰੀ ਇਕੱਠੀ ਕੀਤੀ ਅਤੇ ਇਹ ਜਾਣਕਾਰੀ ਪਾਕਿਸਤਾਨ ਤੱਕ ਕਿਵੇਂ ਪਹੁੰਚਾਈ ਜਾਂਦੀ ਸੀ। ਇਸ ਦੇ ਨਾਲ ਹੀ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਇਕੱਲਾ ਕੰਮ ਕਰ ਰਿਹਾ ਸੀ ਜਾਂ ਕਿਸੇ ਵੱਡੇ ਜਾਸੂਸੀ ਨੈੱਟਵਰਕ ਦਾ ਹਿੱਸਾ ਸੀ।