Lok Sabha Election: ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਵਿੱਚ ਚੋਣ ਪ੍ਰਚਾਰ ਕੀਤਾ। ਇੱਥੇ ਉਨ੍ਹਾਂ ਨੇ ਵਿਸ਼ਾਲ ਜਨਸਭਾ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ‘ਆਪ’ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ।
ਭਗਵੰਤ ਮਾਨ ਨੇ ਲੋਕਾਂ ਨੂੰ ਕਿਹਾ ਕਿ ਤੁਹਾਡਾ ਪਿਆਰ ਤੇ ਸਤਿਕਾਰ ਮੈਨੂੰ ਕਦੇ ਥੱਕਣ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਮੈਂ ਵੀ ਤੁਹਾਡੇ ਵਿੱਚੋਂ ਇੱਕ ਹਾਂ। ਮੈਂ ਪਿੰਡ ਵਿਚ ਰਿਹਾ ਹਾਂ ਅਤੇ ਅਜੇ ਵੀ ਪਿੰਡ ਨਾਲ ਜੁੜਿਆ ਹੋਇਆ ਹਾਂ। ਇਸ ਲਈ ਮੈਂ ਤੁਹਾਡੇ ਦੁੱਖ-ਦਰਦ ਨੂੰ ਚੰਗੀ ਤਰ੍ਹਾਂ ਸਮਝਦਾ ਹਾਂ। ਮਹਿਲਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਪਿੰਡ ਦੇ ਲੋਕਾਂ ਬਾਰੇ ਕੀ ਪਤਾ ਹੋਵੇਗਾ?
ਭਗਵੰਤ ਮਾਨ ਨੇ ਸੁਖਬੀਰ ਬਾਦਲ 'ਤੇ ਹਮਲਾ ਬੋਲਦਿਆਂ ਕਿਹਾ ਕਿ ਉਹ ਏ.ਸੀ. ਵਿੱਚ ਰਹਿਣ ਵਾਲੇ ਲੋਕ ਹਨ। ਉਹ ਤਾਪਮਾਨ ਪੁੱਛ ਕੇ ਬਾਹਰ ਆਉਂਦੇ ਹਨ। ਜਦੋਂ ਬਾਹਰ ਦਾ ਤਾਪਮਾਨ 30-32° ਹੁੰਦਾ ਹੈ ਤਾਂ ਉਹ ਦੋ ਘੰਟੇ ਲਈ ਆਪਣੀ ਪੰਜਾਬ ਬਚਾਓ ਯਾਤਰਾ ਕੱਢਦੇ ਹਨ। ਮੈਂ ਅੱਜ ਤੱਕ ਉਨ੍ਹਾਂ ਨੂੰ ਸੰਸਦ ਵਿੱਚ ਨਹੀਂ ਦੇਖਿਆ। ਅਜਿਹੇ ਲੋਕ ਆਮ ਲੋਕਾਂ ਦੇ ਦੁੱਖ ਦਰਦ ਨੂੰ ਕਿਵੇਂ ਸਮਝਣਗੇ?
ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਸੱਤਾ 'ਚ ਰਹਿੰਦਿਆਂ ਪੰਜਾਬ ਨੂੰ ਲੁੱਟਿਆ ਅਤੇ ਨੌਜਵਾਨ ਪੀੜ੍ਹੀ ਨੂੰ ਬਰਬਾਦ ਕੀਤਾ। ਉਨ੍ਹਾਂ ਨੇ ਪਹਾੜਾਂ ਵਿੱਚ ਆਪਣੇ ਲਈ ਇੱਕ ਲਗਜ਼ਰੀ ਹੋਟਲ ਬਣਾਇਆ, ਜਿਸਦਾ ਕਿਰਾਇਆ 7 ਲੱਖ ਰੁਪਏ ਪ੍ਰਤੀ ਰਾਤ ਹੈ। ਉਸ ਹੋਟਲ ਦੇ ਹਰ ਕਮਰੇ ਦੇ ਨਾਲ ਇੱਕ ਨਿੱਜੀ ਪੂਲ ਹੈ। ਮਾਨ ਨੇ ਕਿਹਾ ਕਿ ਮੈਂ ਉਸ ਜ਼ਮੀਨ ਨੂੰ ਬਾਦਲ ਪਰਿਵਾਰ ਤੋਂ ਛੁਡਵਾ ਕੇ ਪੰਜਾਬ ਸਰਕਾਰ ਦਾ ਕਬਜ਼ਾ ਕਰਵਾਵਾਂਗਾ। ਫਿਰ ਅਸੀਂ ਇਸ ਨੂੰ ਇੱਕ ਸਕੂਲ ਵਿੱਚ ਬਦਲ ਦੇਵਾਂਗੇ ਅਤੇ ਉਹ ਸਕੂਲ ਅਜਿਹਾ ਪਹਿਲਾ ਸਕੂਲ ਹੋਵੇਗਾ ਜਿਸਦੇ ਹਰ ਕਲਾਸ-ਰੂਮ ਵਿੱਚ ਇੱਕ ਪੂਲ ਹੋਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਵੱਡੇ ਅਤੇ ਖ਼ਾਨਦਾਨੀ ਸਿਆਸਤਦਾਨ ਇਸ ਗੱਲ ਤੋਂ ਬਹੁਤ ਦੁਖੀ ਹਨ ਕਿ ਆਮ ਪਰਿਵਾਰਾਂ ਦੇ ਲੋਕ ਵਿਧਾਇਕ, ਮੰਤਰੀ ਅਤੇ ਮੁੱਖ ਮੰਤਰੀ ਕਿਵੇਂ ਬਣ ਗਏ। ਇਹ ਲੋਕ ਸੱਤਾ ਨੂੰ ਆਪਣੀ ਪਰਿਵਾਰਕ ਜਾਇਦਾਦ ਸਮਝਦੇ ਸਨ। ਮਾਨ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਤੁਸੀਂ ਵੱਡੇ-ਵੱਡੇ ਕਿਲ੍ਹੇ ਤੋੜ ਦਿੱਤੇ। ਇਸ ਵਾਰ ਫ਼ਿਰੋਜ਼ਪੁਰ ਦਾ ਕਿਲ੍ਹਾ ਵੀ ਢਾਹੁਣਾ ਹੈ।
ਬਾਦਲ ਪਰਿਵਾਰ ਨੂੰ ਆੜੇ ਹੱਥੀਂ ਲੈਂਦਿਆਂ ਮਾਨ ਨੇ ਕਿਹਾ ਕਿ ਬਾਦਲ ਪਰਿਵਾਰ ਦੇ ਸਾਰੇ ਲੋਕ ਹੀ ਚੋਣਾਂ ਹਾਰ ਚੁੱਕੇ ਹਨ। ਸਿਰਫ਼ ਹਰਸਿਮਰਤ ਕੌਰ ਬਾਦਲ ਹੀ ਬਚੀ ਹੈ। ਇਸ ਚੋਣ ਵਿੱਚ ਬਠਿੰਡਾ ਤੋਂ ਹਰਸਿਮਰਤ ਕੌਰ ਦੀ ਜ਼ਮਾਨਤ ਜ਼ਬਤ ਹੋਣ ਜਾ ਰਹੀ ਹੈ। ਉਸ ਤੋਂ ਬਾਅਦ ਬਾਦਲ ਪਰਿਵਾਰ ਵਿਚ ਹਰ ਕੋਈ ਹਾਰ ਜਾਵੇਗਾ, ਫਿਰ ਲੋਕ ਇਕ ਦੂਜੇ 'ਤੇ ਦੋਸ਼ ਨਹੀਂ ਲਗਾਉਣਗੇ ਕਿ 'ਤੁਸੀਂ ਹਾਰ ਗਏ' ਕਿਉਂਕਿ ਹਰ ਕੋਈ ਹਾਰਿਆ ਹੋਵੇਗਾ।
ਮਾਨ ਨੇ ਫ਼ਿਰੋਜ਼ਪੁਰ ਦੇ ਕਿਸਾਨਾਂ ਦੀਆਂ ਸਮੱਸਿਆਵਾਂ 'ਤੇ ਬੋਲਦਿਆਂ ਕਿਹਾ ਕਿ ਮੈਂ ਫ਼ਿਰੋਜ਼ਪੁਰ ਦੇ ਕਿਸਾਨਾਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਦੱਸਿਆ ਕਿ ਨਰਮੇ ਦੀ ਖੇਤੀ ਲਈ ਸਾਨੂੰ ਨਹਿਰੀ ਪਾਣੀ ਦੀ ਲੋੜ ਹੈ। ਉਸੇ ਸਮੇਂ ਮੈਂ ਅਧਿਕਾਰੀਆਂ ਨੂੰ ਆਦੇਸ਼ ਦੇ ਦਿੱਤੇ ਅਤੇ ਕਿਹਾ ਕਿ ਕਿਸੇ ਵੀ ਹਾਲਤ ਵਿੱਚ ਉਨ੍ਹਾਂ ਨੂੰ 10 ਅਪ੍ਰੈਲ ਤੱਕ ਨਹਿਰੀ ਪਾਣੀ ਮਿਲ ਜਾਵੇ। ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਕਿ ਸਾਰੇ ਕਿਸਾਨਾਂ ਨੂੰ ਦਿਨ ਵੇਲੇ ਲੋੜੀਂਦੀ ਬਿਜਲੀ ਮੁਹੱਈਆ ਕਰਵਾਈ ਜਾਵੇ। ਮੈਂ ਬਹੁਤ ਖ਼ੁਸ਼ ਹਾਂ ਕਿ ਮੇਰਾ ਇਹ ਵਾਅਦਾ ਪੂਰਾ ਹੋਇਆ ਹੈ।