Punjab News: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (HSGPC) ਨਾਲ ਸਬੰਧਤ ਵਿਵਾਦ ਅੰਮ੍ਰਿਤਸਰ ਸਥਿਤ ਅਕਾਲ ਤਖ਼ਤ ਸਾਹਿਬ ਦੀ ਅਦਾਲਤ ਵਿੱਚ ਮੁੜ ਉੱਭਰ ਆਇਆ ਹੈ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (HSGPC) ਦੇ ਸੰਸਥਾਪਕ ਅਤੇ ਆਗੂ ਜਗਦੀਸ਼ ਸਿੰਘ ਝੀਂਡਾ ਅੱਜ ਅਕਾਲ ਤਖ਼ਤ ਸਾਹਿਬ ਸਕੱਤਰੇਤ ਪਹੁੰਚੇ, ਜਿੱਥੇ ਉਨ੍ਹਾਂ ਨੇ ਜਥੇਦਾਰ ਨੂੰ ਇੱਕ ਵਿਸਤ੍ਰਿਤ ਪੱਤਰ ਸੌਂਪਿਆ, ਜਿਸ ਵਿੱਚ ਕਮੇਟੀ ਦੇ ਅੰਦਰ ਚੱਲ ਰਹੇ ਟਕਰਾਅ ਦੇ ਹੱਲ ਦੀ ਮੰਗ ਕੀਤੀ ਗਈ।

Continues below advertisement

ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਜਗਦੀਸ਼ ਸਿੰਘ ਝੀਂਡਾ ਭਾਵੁਕ ਦਿਖਾਈ ਦਿੱਤੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹਰਿਆਣਾ ਲਈ ਵੱਖਰੀ ਸਿੱਖ ਗੁਰਦੁਆਰਾ ਕਮੇਟੀ ਪ੍ਰਾਪਤ ਕਰਨ ਲਈ 22 ਸਾਲ ਸੰਘਰਸ਼ ਕੀਤਾ ਅਤੇ ਆਪਣਾ ਕਾਰੋਬਾਰ ਖਤਰੇ ਵਿੱਚ ਪਾਇਆ, ਪਰ ਹੁਣ ਕੁਝ ਵਿਅਕਤੀ ਨਿੱਜੀ ਲਾਭ ਲਈ ਸੰਸਥਾ ਨੂੰ ਨੁਕਸਾਨ ਪਹੁੰਚਾ ਰਹੇ ਹਨ। ਝੀਂਡਾ ਨੇ ਬਲਜੀਤ ਸਿੰਘ ਦਾਦੂਵਾਲ 'ਤੇ ਸਿੱਧਾ ਨਿਸ਼ਾਨਾ ਸਾਧਦਿਆਂ ਹੋਇਆਂ ਕਿਹਾ ਕਿ ਉਹ ਗੁਰਦਾਸਪੁਰ ਤੋਂ ਆਏ ਹਨ ਅਤੇ ਹਰਿਆਣਾ ਕਮੇਟੀ ਦੇ ਅੰਦਰ ਲਗਾਤਾਰ ਵਿਵਾਦ ਅਤੇ ਮਤਭੇਦ ਪੈਦਾ ਕਰ ਰਹੇ ਹਨ।

Continues below advertisement

ਝੀਂਡਾ ਨੇ ਦੋਸ਼ ਲਗਾਇਆ ਕਿ ਦਾਦੂਵਾਲ ਨੇ ਕਮੇਟੀ ਦੀਆਂ ਮੀਟਿੰਗਾਂ ਦੌਰਾਨ ਮੈਂਬਰਾਂ ਨਾਲ ਬਦਤਮੀਜ਼ੀ ਕੀਤੀ ਅਤੇ ਮਾਵਾਂ-ਭੈਣਾਂ ਬਾਰੇ ਵੀ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ, ਜੋ ਕਿ ਇੱਕ ਧਾਰਮਿਕ ਆਗੂ ਲਈ ਸ਼ੋਭਾ ਨਹੀਂ ਦਿੰਦਾ। ਵਿੱਤੀ ਮਾਮਲਿਆਂ ਬਾਰੇ ਗੰਭੀਰ ਦੋਸ਼ ਲਗਾਉਂਦਿਆਂ ਹੋਇਆਂ ਝੀਂਡਾ ਨੇ ਕਿਹਾ ਕਿ 2014 ਤੋਂ 2026 ਦਰਮਿਆਨ ਧਾਰਮਿਕ ਪ੍ਰਚਾਰ ਦੇ ਨਾਮ 'ਤੇ ਇਕੱਠੇ ਕੀਤੇ ਗਏ ਕਰੋੜਾਂ ਰੁਪਏ ਦਾ ਕੋਈ ਹਿਸਾਬ-ਕਿਤਾਬ ਸਾਹਮਣੇ ਨਹੀਂ ਆਇਆ ਹੈ।

33 ਮੈਂਬਰਾਂ ਨੇ ਦਾਦੂਵਾਲ ਨੂੰ ਮੈਂਬਰਸ਼ਿਪ ਅਤੇ ਪ੍ਰਧਾਨਗੀ ਤੋਂ ਹਟਾਇਆ

ਉਨ੍ਹਾਂ ਦਾ ਦੋਸ਼ ਹੈ ਕਿ ਫੰਡਾਂ ਦੀ ਵਰਤੋਂ ਨਿੱਜੀ ਜ਼ਮੀਨ ਖਰੀਦਣ, ਮਹਿੰਗੀਆਂ ਗੱਡੀਆਂ ਖਰੀਦਣ ਅਤੇ ਨਿੱਜੀ ਬੈਂਕ ਖਾਤਿਆਂ ਵਿੱਚ ਪੈਸੇ ਜਮ੍ਹਾ ਕਰਨ ਲਈ ਕੀਤੀ ਗਈ ਸੀ, ਜਦੋਂ ਕਿ ਇਹ ਹਰਿਆਣਾ ਕਮੇਟੀ ਨੂੰ ਜਾਣੀਆਂ ਚਾਹੀਦੀਆਂ ਸਨ। ਝੀਂਡਾ ਨੇ ਕਿਹਾ ਕਿ ਇਨ੍ਹਾਂ ਦੋਸ਼ਾਂ ਦੇ ਕਰਕੇ 33 ਐਚਐਸਜੀਪੀਸੀ ਮੈਂਬਰਾਂ ਨੇ ਦਾਦੂਵਾਲ ਨੂੰ ਧਰਮ ਪ੍ਰਚਾਰ ਕਮੇਟੀ ਦੀ ਮੈਂਬਰਸ਼ਿਪ ਅਤੇ ਪ੍ਰਧਾਨਗੀ ਤੋਂ ਹਟਾਉਣ ਦਾ ਮਤਾ ਪਾਸ ਕੀਤਾ।

ਜਗਦੀਸ਼ ਸਿੰਘ ਝੀਂਡਾ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿੱਚ ਦਖਲ ਦੇਣ ਅਤੇ ਹਰਿਆਣਾ ਦੇ ਸਿੱਖਾਂ ਨੂੰ ਇਸ ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦ ਤੋਂ ਰਾਹਤ ਪ੍ਰਦਾਨ ਕਰਨ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਸਿੱਖਾਂ ਲਈ ਸਭ ਤੋਂ ਉੱਚੀ ਅਦਾਲਤ ਹੈ ਅਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਉੱਥੇ ਇਨਸਾਫ਼ ਮਿਲੇਗਾ।