Jaggi Johal Acquitted: ਪੰਜਾਬ ਮੂਲ ਦੇ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਉਰਫ਼ ਜੱਗੀ ਜੌਹਲ ਨੂੰ ਮੋਗਾ ਦੀ ਇੱਕ ਅਦਾਲਤ ਨੇ ਕਤਲ ਦੇ ਇੱਕ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਹੈ। ਉਨ੍ਹਾਂ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਜੱਗੀ ਜੌਹਲ ਤੇ ਉਸ ਦੇ ਤਿੰਨ ਸਾਥੀਆਂ ਨੂੰ ਤਿਹਾੜ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਗਿਆ। ਜੱਗੀ ਜੌਹਲ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਕਿਹਾ ਕਿ ਉਹ ਤਿੰਨਾਂ ਵਿਅਕਤੀਆਂ ਦੀ ਸਜ਼ਾ ਵਿਰੁੱਧ ਹਾਈ ਕੋਰਟ ਵਿੱਚ ਅਪੀਲ ਕਰਨਗੇ।

ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਡੇਰਾ ਸਿਰਸਾ ਦੇ ਪ੍ਰੇਮੀ ਗੁਰਦੀਪ ਸਿੰਘ ਦੇ ਕਤਲ ਮਾਮਲੇ ਵਿੱਚ ਟਾਰਗੇਟ ਕਿਲਿੰਗ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਵਿੱਚ ਜੱਗੀ ਜੌਹਲ ਤੇ ਹੋਰਾਂ ਦੇ ਨਾਮ ਸਨ। ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਜੱਗੀ ਜੌਹਲ ਨੂੰ ਬਰੀ ਕਰ ਦਿੱਤਾ ਹੈ। ਉਂਝ ਹੋਰ ਕਤਲ ਕੇਸਾਂ ’ਚ ਨਾਮਜ਼ਦ ਹੋਣ ਕਾਰਨ ਉਸ ਦੀ ਰਿਹਾਈ ਨਹੀਂ ਹੋਵੇਗੀ। ਉਹ ਦਿੱਲੀ ਦੀ ਤਿਹਾੜ ਜੇਲ ’ਚ ਹੈ।

ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਥਾਣਾ ਬਾਘਾਪੁਰਾਣਾ ਵਿੱਚ 17 ਦਸੰਬਰ 2016 ਨੂੰ ਅਸਲਾ ਤੇ ਯੂਏਪੀ ਐਕਟ ਤਹਿਤ ਦਰਜ ਐਫਆਈਆਰ ’ਚ ਜੱਗੀ ਜੌਹਲ, ਭਾਈ ਹਰਮਿੰਦਰ ਸਿੰਘ ਮਿੰਟੂ ਪਿੰਡ ਡੱਲੀ (ਜਲੰਧਰ), ਰਮਨਦੀਪ ਸਿੰਘ ਪਿੰਡ ਚੂਹੜਵਾਲ (ਲੁਧਿਆਣਾ), ਤਿਲਜੀਤ ਸਿੰਘ ਉਰਫ਼ ਜਿਮੀ ਵਾਸੀ ਜੰਮੂ, ਹਰਦੀਪ ਸਿੰਘ ਸ਼ੇਰਾ ਤੇ ਰਮਨਦੀਪ ਸਿੰਘ ਸਣੇ ਅੱਠ ਨਾਮਜ਼ਦ ਮੁਲਜ਼ਮ ਸਨ। ਅਦਾਲਤ ਨੇ ਤਿਲਜੀਤ ਸਿੰਘ, ਹਰਦੀਪ ਸਿੰਘ ਸ਼ੇਰਾ ਤੇ ਰਮਨਦੀਪ ਸਿੰਘ ਨੂੰ ਦੋਸ਼ੀ ਕਰਾਰ ਦਿੰਦੇ ਹੋਏ 2-2 ਸਾਲ ਕੈਦ ਤੇ 3-3 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।

ਜੱਗੀ ਜੌਹਲ ਸਾਲ 2017 ਵਿੱਚ ਵਿਆਹ ਕਰਵਾਉਣ ਪੰਜਾਬ ਆਇਆ ਸੀ। ਉਸ ਦਾ ਵਿਆਹ 18 ਅਕਤੂਬਰ 2017 ਨੂੰ ਮਹਿਤਪੁਰ ਨੇੜਲੇ ਪਿੰਡ ਸੋਹਲ ਜਗੀਰ ਦੀ ਲੜਕੀ ਨਾਲ ਹੋਇਆ ਸੀ। ਵਿਆਹ ਤੋਂ 15 ਦਿਨ ਬਾਅਦ 4 ਨਵੰਬਰ ਨੂੰ ਸਟੇਟ ਸਪੈਸ਼ਲ ਸੈੱਲ ਨੇ ਜੱਗੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਸਟੇਟ ਸਪੈਸ਼ਲ ਸੈੱਲ ਵੱਲੋਂ ਜੱਗੀ ਜੌਹਲ ਨੂੰ ਪੰਜਾਬ ’ਚ ਹਿੰਦੂ ਜਥੇਬੰਦੀ ਆਗੂਆਂ ਸਣੇ ਮਿਥ ਕੇ ਕੀਤੇ ਕਤਲਾਂ ਦੀਆਂ ਵਾਰਦਾਤਾਂ ’ਚ ਨਾਮਜ਼ਦ ਕਰਨ ਮਗਰੋਂ ਇਹ ਪੜਤਾਲ ਕੌਮੀ ਜਾਂਚ ਏਜੰਸੀ (ਐੱਨਆਈਏ) ਨੂੰ ਤਬਦੀਲ ਹੋ ਗਈ ਸੀ।

ਬਰਤਾਨੀਆ ਦੇ ਨਾਗਰਿਕ ’ਤੇ ਇਨ੍ਹਾਂ ਸਿਆਸੀ ਕਤਲਾਂ ਲਈ ਅਤੇ ਅਤਿਵਾਦੀ ਗਤੀਵਿਧੀਆਂ ਕਰਾਉਣ ਸਣੇ ਖਾਲਿਸਤਾਨੀ ਸੰਗਠਨਾਂ ਨੂੰ ਅਰਾਜਕਤਾ ਫੈਲਾਉਣ ਲਈ ਫੰਡ ਮੁਹੱਈਆ ਕਰਵਾਉਣ ਦੇ ਦੋਸ਼ ਲੱਗੇ ਸਨ। ਥਾਣਾ ਬਾਜਾਖਾਨਾ (ਫ਼ਰੀਦਕੋਟ) ਵਿੱਚ 26 ਜੂਨ 2017 ਨੂੰ ਦਰਜ ਕੇਸ ਵਿੱਚ ਜੁਲਾਈ 2019 ਨੂੰ ਫ਼ਰੀਦਕੋਟ ਦੀ ਅਦਾਲਤ ਨੇ ਜੱਗੀ ਜੌਹਲ ਤੇ ਹੋਰਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਸੀ।