Farmer Protest: ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਅੰਦੋਲਨਕਾਰੀ ਕਿਸਾਨਾਂ ਦੇ ਦਰਸ਼ਨਾਂ ਲਈ ਸਟੇਜ ਉੱਪਰ ਲਿਆਂਦਾ ਗਿਆ। ਇਸ ਮੌਕੇ ਉਨ੍ਹਾਂ ਦੀ ਹਾਲਤ ਬੇਹੱਦ ਨਾਜ਼ੁਕ ਦਿਖਾਈ ਦੇ ਰਹੀ ਹੈ। ਕਿਸਾਨ ਆਗੂ ਦੀ ਇਸ ਹਾਲਤ ਨੂੰ ਦੇਖਕੇ ਕਿਸਾਨ ਭਾਵੁਕ ਵੀ ਨਜ਼ਰ ਆਏ ਤੇ ਉਨ੍ਹਾਂ ਵੱਲੋਂ ਵਾਹਿਗੁਰੂ ਦਾ ਜਾਪ ਸ਼ੁਰੂ ਕਰ ਦਿੱਤਾ ਗਿਆ ਹੈ।


ਇਸ ਮੌਕੇ ਕਿਸਾਨੀ ਸਟੇਜ ਦੇ ਨੇੜੇ ਵੱਡੀ ਗਿਣਤੀ ਵਿੱਚ ਬੈਠੇ ਹਨ ਤੇ ਆਪਣੇ ਆਗੂ ਦੀ ਬੇਹੱਦ ਨਾਜ਼ੁਕ ਹਾਲਤ ਦੇਖਕੇ ਭਾਵੁਕ ਹੋ ਰਹੇ ਹਨ। ਇਸ ਮੌਕੇ ਕਿਸਾਨਾਂ ਵੱਲੋਂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤਯਾਬੀ ਲਈ ਵਾਹਿਗੁਰੂ ਦਾ ਜਾਪ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਸਟੇਜ ਉੱਤੇ ਡਾਕਟਰਾਂ ਦੀ ਟੀਮ ਵੀ ਉਨ੍ਹਾਂ ਦੇ ਨਾਲ ਹੀ ਮੌਜੂਦ ਹੈ।



ਦੱਸ ਦਈਏ ਕਿ ਇਸ ਤੋਂ ਪਹਿਲਾਂ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਸਵੈਮਾਨ ਨੇ ਦੱਸਿਆ ਕਿ ਜਗਜੀਤ ਸਿੰਘ ਡੱਲੇਵਾਲ ਪਿਛਲੇ ਕਾਫੀ ਸਮੇਂ ਤੋਂ ਮਰਨ ਵਰਤ 'ਤੇ ਬੈਠੇ ਹੋਏ ਹਨ ਤੇ ਉਦੋਂ ਤੋਂ ਹੀ 15 ਵਿਸ਼ੇਸ਼ ਡਾਕਟਰਾਂ ਦਾ ਇਕ ਪੈਨਲ ਲਗਾਤਾਰ ਉਨ੍ਹਾਂ ਦੀ ਸਿਹਤ ਦੀ ਜਾਂਚ ਕਰ ਰਿਹਾ ਹੈ। ਡਾਕਟਰ ਸਵੈਮਾਨ ਨੇ ਦੱਸਿਆ ਕਿ ਸਾਡੀ ਜਾਂਚ ਮੁਤਾਬਕ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਵੱਡਾ ਖ਼ਤਰਾ ਹੈ। ਕਦੇ ਵੀ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਸਕਦਾ ਹੈ। ਕਦੇ ਵੀ ਉਨ੍ਹਾਂ ਨੇ ਸਰੀਰ ਦੇ ਅੰਗ ਫੇਲ੍ਹ ਹੋ ਸਕਦੇ ਹਨ ਅਤੇ ਉਨ੍ਹਾਂ ਦੀ ਮੌਤ ਹੋ ਸਕਦੀ ਹੈ। 


ਇਸ ਲਈ ਅਸੀਂ ਵਾਰ-ਵਾਰ ਇਹ ਗੱਲ ਕਹਿ ਰਹੇ ਹਾਂ ਕਿ ਸਾਨੂੰ ਉਨ੍ਹਾਂ ਦੀ ਸਿਹਤ ਦੀ ਚਿੰਤਾ ਹੈ ਅਤੇ ਜਗਜੀਤ ਸਿੰਘ ਡੱਲੇਵਾਲ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਆਪਣਾ ਮਰਨ ਵਰਤ ਤੋੜ ਦੇਣ ਪਰ ਉਹ ਕਹਿੰਦੇ ਹਨ ਕਿ ਜੇਕਰ ਸਰਕਾਰ ਉਨ੍ਹਾਂ ਦੀ ਗੱਲ ਮੰਨ ਲੈਂਦੀ ਹੈ ਤਾਂ ਉਹ ਮਰਨ ਵਰਤ ਖੋਲ੍ਹ ਲੈਣਗੇ।


ਮੁੱਖ ਮੰਤਰੀ ਭਗਵੰਤ ਮਾਨ ਨੇ ਕੀ ਕਿਹਾ ?


ਭਗਵੰਤ ਮਾਨ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਕੇਂਦਰ ਸਰਕਾਰ ਨੂੰ ਆਪਣੀ ਪੁਰਾਣੀ ਜ਼ਿੱਦ ਛੱਡ ਕੇ ਕਿਸਾਨ ਜਥੇਬੰਦੀਆਂ ਨਾਲ ਗੱਲ-ਬਾਤ ਦਾ ਰਾਹ ਖੋਲਣਾ ਚਾਹੀਦਾ ਹੈ…ਕਬੂਤਰ ਦੇ ਅੱਖਾਂ ਮੀਚਣ ਨਾਲ ਬਿੱਲੀ ਨਹੀਂ ਭੱਜਦੀ..ਸੈਂਟਰ ਸਰਕਾਰ ਪਤਾ ਨਹੀਂ ਹੁਣ ਕਿਹੜੀ ਤਪੱਸਿਆ ਕਰ ਰਹੀ ਹੈ ?? ਜੇ ਮੋਦੀ ਜੀ ਰੂਸ ਤੇ ਯੂਕਰੇਨ ਦੀ ਜੰਗ ਰੁਕਵਾ ਸਕਦੇ ਨੇ ਤਾਂ 200 ਕਿੱਲੋਮੀਟਰ ਤੇ ਬੈਠੇ ਅੰਨਦਾਤਿਆਂ ਨਾਲ ਨਹੀੰ ਗੱਲ ਕਰ ਸਕਦੇ ? ਕਿਹੜੀ ਘੜੀ ਦਾ ਇੰਤਜ਼ਾਰ ਕਰ ਰਹੇ ਹੋ ਜੀ..